ਬਰਨਾਲਾ: ਸਮਾਜ ਸੇਵੀ ਭਾਨਾ ਸਿੱਧੂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸਾਂ ਦੇ ਰੋਸ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ਼ੋਸ਼ਲ ਮੀਡੀਆ ਉੱਤੇ ਵੀ ਭਾਨਾ ਸਿੱਧੂ ਦਾ ਮਾਮਲਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਉਸ ਉਪਰ ਦਰਜ਼ ਪੁਲਿਸ ਮਾਮਲਿਆਂ ਦੇ ਰੋਸਵੱਜੋਂ ਸਾਹਮਣੇ ਆ ਰਹੇ ਉਸਦੇ ਹਮਾਇਤੀਆਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ 3 ਫ਼ਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਸਵੇਰ ਸਮੇਂ ਤੋਂ ਹੀ ਪੁਲਿਸ ਵਲੋਂ ਸਖ਼ਤੀ ਕੀਤੀ ਹੋਈ ਹੈ। ਸੰਗਰੂਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਜਾਣ ਵਾਲੇ ਕਿਸਾਨ ਆਗੂਆਂ ਅਤੇ ਲੋਕਾਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਭਾਨਾ ਸਿੱਧੂ ਗ੍ਰਿਫ਼ਤਾਰੀ ਮਾਮਲਾ: ਭਾਨਾ ਸਿੱਧੂ ਦੇ ਹੱਕ ਵਿੱਚ ਨਿੱਤਰੇ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
Bhana Sidhu Arrest Case: ਸਮਾਜ ਸੇਵੀ ਨੌਜਵਾਨ ਭਾਨਾ ਸਿੱਧੂ ਦੀ ਰਿਹਾਈ ਲਈ ਅੱਜ ਮਿੱਥੇ ਹੋਏ ਅੰਦੋਲਨ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਲਈ ਕੂਚ ਕੀਤੀ ਗਈ ਤਾਂ ਇਸ ਮੌਕੇ ਪੁਲਿਸ ਵੱਲੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
Published : Feb 3, 2024, 2:26 PM IST
ਕਿਸਾਨ ਆਗੂਆਂ ਨੂੰ ਲਿਆ ਹਿਰਾਸਤ ਵਿੱਚ : ਇਸੇ ਤਹਿਤ ਬਰਨਾਲਾ ਜਿਲ੍ਹੇ ਵਿੱਚ ਜਿੱਥੇ ਕੁੱਝ ਆਗੂਆਂ ਨੂੰ ਘਰਾਂ ਵਿੱਚ ਪੁਲਿਸ ਨੇ ਨਜ਼ਰਬੰਦ ਕਰ ਲਿਆ, ਉਥੇ ਬਰਨਾਲਾ ਦੇ ਬਡਬਰ ਟੋਲ ਪਲਾਜ਼ਾ ਤੋਂ ਵੀ ਕਿਸਾਨ ਹਿਰਾਸਤ ਵਿੱਚ ਲਏ ਗਏ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸੰਗਰੂਰ ਜਾ ਰਿਹਾ ਕਾਫ਼ਲਾ ਪੁਲਿਸ ਨੇ ਬਠਿੰਡਾ'-ਚੰਡੀਗੜ੍ਹ ਕੌਮੀ ਹਾਈਵੇ ਉਪਰ ਬਡਬਰ ਟੋਲ ਪਲਾਜ਼ਾ ਉਪਰ ਰੋਕ ਲਿਆ। ਜਿੱਥੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਧੱਕਾਮੁੱਕੀ ਵੀ ਹੋਈ। ਇਸੇ ਦਰਮਿਆਨ ਪੁਲਿਸ ਨੇ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਉਸਦੇ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸਦੇ ਰੋਸ ਵੱਜੋਂ ਉਸਦੇ ਸਾਥੀਆਂ ਵਲੋਂ ਬਡਬਰ ਟੌਲ ਪਲਾਜ਼ਾ ਉਪਰ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਲੋਕਾਂ ਤੋਂ ਧਰਨੇ ਕਰਨ ਦਾ ਹੱਕ ਵੀ ਖੋਹ ਰਹੀ ਮਾਨ ਸਰਕਾਰ :ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸੂਬਾ ਸਰਕਾਰ ਨੇ ਅਣਐਲਾਣੀ ਐਮਰਜੈਂਸੀ ਲਗਾਈ ਹੋਈ ਹੈ। ਸ਼ਾਂਤਮਈ ਤਰੀਕੇ ਨਾਲ ਰੋਸ ਜ਼ਾਹਰ ਕਰਨ ਦਾ ਹੱਕ ਵੀ ਲੋਕਾਂ ਤੋਂ ਖੋਹਿਆ ਜਾ ਰਿਹਾ ਹੈ। ਜੋ ਸਰਾਸਰ ਲੋਕਤੰਤਰ ਦਾ ਘਾਣ ਕਰਨ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਉਪਰ ਪਹਿਲਾਂ ਪੁਲਿਸ ਨੇ ਚਾਰ ਝੂਠੇ ਕੇਸ ਦਰਜ਼ ਕਰਕੇ ਉਸਨੂੰ ਗਿਰਫਤਾਰ ਕੀਤਾ ਅਤੇ ਉਸ ਉਪਰ ਅੰਨਾ ਤਸ਼ੱਦਦ ਢਾਹਿਆ ਹੈ। ਉਥੇ ਹੁਣ ਉਸਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਆਵਾਜ਼ ਵੀ ਬੰਦ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ। ਜਿਸ ਨੂੰ ਪੰਜਾਬ ਦੇ ਇਨਸਾਫ਼ ਪਸੰਦ ਲੋਕ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਸ ਧੱਕੇਸ਼ਾਹੀ ਦਾ ਜਵਾਬ ਉਹ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਦੇਣਾ ਪਵੇਗਾ। ਉਹ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਭਾਨਾ ਸਿੱਧੂ ਨੂੰ ਰਿਹਾਅ ਕਰਵਾਉਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।