ਮਾਨਸਾ:ਜ਼ਿਲ੍ਹੇ ਦੇ ਪਿੰਡ ਘਰਾਗਣਾ ਵਿੱਚ ਇੱਕ ਛੋਟੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਕਣਕ ਦੀ ਬਿਜਾਈ ਕਰਨ ਦੇ ਲਈ ਲਗਾਈ ਗਈ ਅੱਗ ਤੋਂ ਬਾਅਦ ਨੋਡਲ ਅਫਸਰ, ਪਟਵਾਰੀ ਅਤੇ ਪੁਲਿਸ ਫੋਰਸ ਕਿਸਾਨ ਦਾ ਚਲਾਣ ਕੱਟਣ ਦੇ ਲਈ ਖੇਤ ਵਿੱਚ ਪਹੁੰਚ ਗਈ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਨੂੰ ਭਿਣਕ ਲੱਗਦਿਆਂ ਹੀ ਕਿਸਾਨ ਵੀ ਖੇਤ ਦੇ ਵਿੱਚ ਅਧਿਕਾਰੀਆਂ ਦਾ ਵਿਰੋਧ ਕਰਨ ਦੇ ਲਈ ਪਹੁੰਚ ਗਏ ਅਤੇ ਉਹਨਾਂ ਵੱਲੋਂ ਅਧਿਕਾਰੀਆਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਆਗੂ (ETV BHARAT PUNJAB (ਰਿਪੋਟਰ,ਮਾਨਸਾ)) ਅਧਿਕਾਰੀਆਂ ਦਾ ਘਿਰਾਓ ਕੀਤਾ
ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਘਰਾਗਣਾ ਦੇ ਇੱਕ ਛੋਟੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ ਅਤੇ ਇਸ ਕਿਸਾਨ ਕੋਲ ਕੋਈ ਟਰੈਕਟਰ ਵੀ ਨਹੀਂ ਸੀ ਅਤੇ ਕਿਰਾਏ ਉੱਤੇ ਟਰੈਕਟਰ ਲਿਆ ਕੇ ਕਣਕ ਦੀ ਬਿਜਾਈ ਕਰਨ ਲੱਗ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਅਧਿਕਾਰੀਆਂ ਦੀ ਟੀਮ ਕਿਸਾਨ ਦਾ ਚਲਾਨ ਕੱਟਣ ਦੇ ਲਈ ਖੇਤ ਵਿੱਚ ਪਹੁੰਚ ਕੇ ਉਸ ਨੂੰ ਧਮਕਾਉਣ ਲੱਗੀ। ਉਹਨਾਂ ਕਿਹਾ ਕਿ ਜਦੋਂ ਹੀ ਇਸ ਦੀ ਭਿਣਕ ਕਿਸਾਨ ਜਥੇਬੰਦੀ ਨੂੰ ਲੱਗੀ ਤਾਂ ਕਿਸਾਨ ਜਥੇਬੰਦੀ ਵੱਲੋਂ ਆ ਕੇ ਇਹਨਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ।
ਭਰੋਸੇ ਤੋਂ ਬਾਅਦ ਤੋੜਿਆ ਘਿਰਾਓ
ਉਹਨਾਂ ਕਿਹਾ ਕਿ ਜੇਕਰ ਛੋਟੇ ਕਿਸਾਨਾਂ ਨੂੰ ਇਸੇ ਤਰ੍ਹਾਂ ਖੇਤਾਂ ਵਿੱਚ ਪਹੁੰਚ ਕੇ ਪੁਲਿਸ ਅਧਿਕਾਰੀ ਅਤੇ ਹੋਰ ਨੋਡਲ ਅਫਸਰ ਧਮਕਾਉਣਗੇ ਤਾਂ ਉਹਨਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਵਿਰੋਧ ਦੇ ਚੱਲਦਿਆਂ ਹੀ ਤਹਿਸੀਲਦਾਰ ਮੌਕੇ ਉੱਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਕਿਸਾਨ ਦੇ ਖੇਤ ਵਿੱਚ ਸਾਈਡਾਂ ਉੱਤੇ ਲੱਗੀ ਅੱਗ ਵੀ ਦੇਖੀ ਅਤੇ ਉਹਨਾਂ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਹੈ ਕਿ ਉਕਤ ਕਿਸਾਨ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਅਧਿਕਾਰੀਆਂ ਦਾ ਘਿਰਾਓ ਖਤਮ ਕੀਤਾ ਗਿਆ ਅਤੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਖੇਤਾਂ ਵਿੱਚ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਅਧਿਕਾਰੀ ਪਹੁੰਚ ਕੇ ਉਹਨਾਂ ਉੱਤੇ ਕਾਰਵਾਈ ਕਰਨਗੇ ਤਾਂ ਕਿਸਾਨ ਜਥੇਬੰਦੀ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।