ਬਠਿੰਡਾ :ਝੋਨੇ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਬੀਤੀ ਦੇਰ ਰਾਤ ਕਿਸਾਨਾਂ ਤੇ ਪੁਲਿਸ ਵਿਚਕਾਰ ਪਿੰਡ ਰਾਏ ਕੇ ਕਲਾਂ ਦੀ ਦਾਣਾ ਮੰਡੀ ਵਿੱਚ ਹੋਈ ਝੜਪ ਤੋਂ ਬਾਅਦ ਭਾਵੇਂ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲੇ ਕਿਸਾਨ ਆਗੂਆਂ ਖਿਲਾਫ ਦਰਜ ਕਰ ਲਏ ਗਏ ਹਨ ਪਰ ਇਸ ਘਟਨਾਕ੍ਰਮ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠਣ ਲੱਗੇ ਹਨ।
ਕਿਸਾਨਾਂ ਦਾ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ (ETV Bharat (ਪੱਤਰਕਾਰ , ਬਠਿੰਡਾ)) ਕਿਸਾਨ ਅਤੇ ਪੁਲਿਸ ਕਰਮਚਾਰੀ ਜ਼ਖਮੀ
ਦੱਸ ਦੇਈਏ ਕਿ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿਖੇ ਝੋਨੇ ਦੀ ਖਰੀਦ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਵਿੱਚ ਤਿੱਖੀ ਝੜਪ ਦੇਖਣ ਨੁੰ ਮਿਲੀ ਹੈ। ਪੁਲਿਸ ਅਤੇ ਕਿਸਾਨਾਂ ਵੱਲੋਂ ਇੱਕ ਦੂਸਰੇ ਉੱਤੇ ਡਾਂਗਾਂ ਵਰਾਈਆਂ ਗਈਆਂ ਅਤੇ ਰੋੜੇ ਵੀ ਚਲਾਏ ਗਏ ਹਨ। ਦੇਖਦੇ ਹੀ ਦੇਖਦੇ ਇਸ ਝੜਪ ਨੇ ਖੂਨੀ ਰੂਪ ਧਾਰ ਲਿਆ ਅਤੇ ਕਈ ਕਿਸਾਨ ਅਤੇ ਪੁਲਿਸ ਕਰਮਚਾਰੀ ਜ਼ਖਮੀ ਵੀ ਹੋ ਗਏ ਹਨ। ਕਿਸਾਨਾਂ ਵੱਲੋਂ ਗੁੱਸੇ ਵਿੱਚ ਆ ਕੇ ਪੁਲਿਸ ਦੀਆਂ ਗੱਡੀਆਂ ਭੰਨੀਆਂ ਗਈਆਂ ਹਨ। ਦੂਸਰੇ ਪਾਸੇ ਪੁਲਿਸ ਵੱਲੋਂ ਵੀ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਹੈ। ਇਸ ਘਟਨਾਕ੍ਰਮ ਦੌਰਾਨ ਜਿੱਥੇ ਪੁਲਿਸ ਕਰਮਚਾਰੀ ਅਤੇ ਕਿਸਾਨ ਜ਼ਖਮੀ ਹੋਏ ਹਨ। ਉੱਥੇ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।
ਲਿਫਟਿੰਗ ਦੇ ਨਾਲ-ਨਾਲ ਝੋਨੇ ਦੀ ਖਰੀਦ ਵੀ ਜਾਰੀ
ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਪਿਛਲੇ ਦਿਨ ਹੀ ਕਿਸਾਨਾਂ ਨੇ ਉਨ੍ਹਾਂ ਦਾ ਦਫਤਰ ਅਤੇ ਘਰ ਘੇਰ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਸੀ। ਜਿਸ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਨੇ ਹਰ ਮੰਡੀ ਵਿੱਚੋਂ ਝੋਨਾ ਚੁੱਕਣ ਦਾ ਜਿੱਥੇ ਭਰੋਸਾ ਦਿੱਤਾ ਸੀ, ਅਤੇ ਕਿਸਾਨਾਂ ਨੂੰ ਵੱਖ-ਵੱਖ ਮੰਡੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਸੀ ਕਿ ਕਿਸ ਮੰਡੀ ਵਿੱਚ ਕਿੰਨਾ ਝੋਨਾ ਹੁਣ ਤੱਕ ਚੁੱਕਿਆ ਜਾ ਚੁੱਕਿਆ ਅਤੇ ਕਿੰਨਾ ਰਹਿੰਦਾ ਹੈ। ਡਿਪਟੀ ਕਮਿਸ਼ਨਰ ਨੇ ਮੰਨਿਆ ਕਿ ਇੱਕ ਦੋ ਮੰਡੀਆਂ ਨੂੰ ਛੱਡ ਕੇ ਬਾਕੀ ਮੰਡੀਆਂ ਵਿੱਚ ਨਿਰਵਿਘਨ ਕੰਮ ਚੱਲ ਰਿਹਾ ਹੈ ਅਤੇ ਸਾਰੀਆਂ ਮੰਡੀਆਂ ਵਿੱਚ ਲਿਫਟਿੰਗ ਦੇ ਨਾਲ-ਨਾਲ ਝੋਨੇ ਦੀ ਖਰੀਦ ਵੀ ਕੀਤੀ ਜਾ ਰਹੀ ਹੈ। ਕਿਹਾ ਕਿ ਕਿਸਾਨ ਯੂਨੀਅਨ ਮੰਡੀਆਂ ਵਿੱਚ ਧੱਕੇ ਨਾਲ ਜਿਆਦਾ ਨਵੀਂ ਵਾਲਾ ਝੋਨਾ ਜਬਰਨ ਚਕਾਉਣਾ ਚਾਹੁੰਦਾ ਹਨ ਜਿਸ ਨੂੰ ਲੈ ਕੇ ਹੀ ਪ੍ਰਸ਼ਾਸਨ ਨਾਲ ਵਿਵਾਦ ਹੋ ਰਿਹਾ ਹੈ।
ਕਿਸਾਨ ਆਗੂਆਂ ਖਿਲਾਫ ਦੋ ਵੱਖ-ਵੱਖ ਮਾਮਲੇ ਦਰਜ
ਉੱਥੇ ਕਿਸਾਨਾਂ ਵੱਲੋਂ ਅੱਜ ਫਿਰ ਤੋਂ ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਸਮੇਂ ਪਿੰਡ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜਿਸ ਤਰ੍ਹਾਂ ਬੀਤੀ ਦੇਰ ਰਾਤ ਖਾਣਾ ਖਾਂਦੇ ਕਿਸਾਨਾਂ 'ਤੇ ਜਬਰ ਢਾਇਆ ਗਿਆ ਹੈ, ਉਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਏਗਾ। ਭਾਵੇਂ ਪੁਲਿਸ ਵੱਲੋਂ ਕਿਸਾਨਾਂ ਅਤੇ ਕਿਸਾਨ ਆਗੂਆਂ ਖਿਲਾਫ ਦੋ ਵੱਖ-ਵੱਖ ਮਾਮਲੇ ਦਰਜ ਕਰ ਲਏ ਗਏ ਹਨ ਪਰ ਕਿਸਾਨ ਇਨ੍ਹਾਂ ਮਾਮਲਿਆਂ ਵਿੱਚ ਜਮਾਨਤਾਂ ਨਹੀਂ ਕਰਾਉਣਗੇ, ਪੁਲਿਸ ਭਾਵੇਂ ਇੱਕ ਦੀ ਥਾਂ ਹੋਰ ਕਈ ਮਾਮਲੇ ਦਰਜ ਕਰ ਲਵੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਪੁਲਿਸ ਦੀਆਂ ਜੋ ਗੱਡੀਆਂ ਦੀ ਭੰਨਤੋੜ ਹੋਈ ਹੈ ਉਹ ਗੱਡੀਆਂ ਉਨ੍ਹਾਂ ਨੇ ਆਪ ਭੰਨੀਆਂ ਹਨ ਤਾਂ ਜੋ ਕਿਸਾਨਾਂ 'ਤੇ ਇਲਜ਼ਾਮ ਲਾ ਸਕਣ।
ਪਿੰਡ ਵਿੱਚ ਸੰਕੇਤਕ ਰੋਸ ਮਾਰਚ ਜਾਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਅਹੁਦੇਦਾਰਾਂ ਨੇ ਕਿਹਾ ਕਿ ਜਿੰਨਾ ਸਮਾਂ ਕਿਸਾਨਾਂ ਦੀ ਝੋਨੇ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨਾਂ ਨੇ ਕਿਹਾ ਕਿ ਫਿਲਹਾਲ ਕਿਸਾਨ ਜਥੇਬੰਦੀ ਵੱਲੋਂ ਪਿੰਡ ਵਿੱਚ ਸੰਕੇਤਕ ਰੋਸ ਮਾਰਚ ਕੀਤਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਵੱਲੋਂ ਮੰਡੀ ਵਿੱਚੋਂ ਝੋਨੇ ਦਾ ਦਾਣਾ-ਦਾਣਾ ਨਾ ਚੁਕਵਾਇਆ ਤਾਂ ਇਹ ਰੋਸ ਮਾਰਚ ਬਠਿੰਡਾ ਸ਼ਹਿਰ ਵਿੱਚ ਵੀ ਕੀਤਾ ਜਾਵੇਗਾ। ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
ਕਿਸਾਨ ਆਗੂਆਂ ਨੂੰ ਕੀਤੀ ਜਾ ਰਹੀ ਡਰਾਉਣ ਦੀ ਕੋਸ਼ਿਸ਼
ਸੂਬਾ ਅਹੁਦੇਦਾਰਾਂ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਵੱਲੋਂ ਆਪਣੀ ਪੁਰਾਣੀ ਕਿੜ ਕੱਢਦੇ ਹੋਏ ਪੁਲਿਸ ਪ੍ਰਸ਼ਾਸਨ ਰਾਹੀਂ ਲਾਠੀ ਚਾਰਜ ਕਰਵਾਇਆ ਗਿਆ ਹੈ ਪਰ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਅਜਿਹੇ ਲਾਠੀ ਚਾਰਜ ਬਹੁਤ ਵਾਰ ਹੋਏ ਹਨ ਪਰ ਉਹ ਆਪਣੇ ਹੱਕੀ ਮੰਗਾਂ ਨੂੰ ਮੰਨਵਾ ਕੇ ਹੀ ਉੱਠੇ ਹਨ। ਕੇਸ ਭਾਵੇਂ ਦਰਜ ਹੋ ਗਏ ਹਨ ਪਰ ਉਹ ਕਿਸੇ ਵੀ ਹਾਲਾਤ ਵਿੱਚ ਜਮਾਨਤਾਂ ਤਾਂ ਨਹੀਂ ਕਰਵਉਣਗੇ, ਕਿਉਂਕਿ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਲੜੇ ਜਾਂਦੇ ਘੋਲਾਂ ਵਿੱਚ ਅਜਿਹੇ ਮਾਮਲੇ ਦਰਜ ਹੁੰਦੇ ਹੀ ਰਹਿੰਦੇ ਹਨ। ਪੁਲਿਸ ਵੱਲੋਂ ਅਜਿਹੇ ਮਾਮਲੇ ਦਰਜ ਕਰਕੇ ਕਿਸਾਨ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਡਰਨ ਵਾਲੇ ਨਹੀਂ ਅਤੇ ਲੋਕਾਂ ਦੇ ਮਸਲਿਆਂ ਲਈ ਇਸੇ ਤਰ੍ਹਾਂ ਲੜਦੇ ਰਹਿਣਗੇ। ਪੁਲਿਸ ਦੇ ਰਵੱਈਏ ਨੂੰ ਲੈ ਕੇ ਸੂਬਾ ਪੱਧਰੀ ਮੀਟਿੰਗ ਚੱਲ ਰਹੀ ਹੈ ਅਤੇ ਅਗਲੇ ਸੰਘਰਸ਼ ਦੀ ਰਣਨੀਤੀ ਬਣਾਈ ਜਾ ਰਹੀ ਹੈ।