ਚੰਡੀਗੜ੍ਹ: ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ 'ਚ ਡਟੇ ਹੋਏ ਹਨ ਅਤੇ ਅੱਜ 25 ਫਰਵਰੀ ਦਿਨ ਐਤਵਾਰ ਨੂੰ ਕਿਸਾਨ ਅੰਦੋਲਨ ਦਾ 13ਵਾਂ ਦਿਨ ਹੈ। ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਡਟੇ ਹੋਏ ਹਨ। ਉਨ੍ਹਾਂ ਵਲੋਂ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਨਹੀਂ ਜਾਣਗੇ।
WTO ਨੂੰ ਲੈਕੇ ਸੰਮੇਲਨ: ਅੱਜ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਵਿਸ਼ਵ ਵਪਾਰ ਸੰਗਠਨ (WTO) ਸਬੰਧੀ ਕਾਨਫਰੰਸ ਕਰਨਗੇ। ਇਸ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਸੰਮੇਲਨ 'ਚ ਮਾਹਿਰ ਇੱਥੇ ਆਉਣਗੇ ਅਤੇ ਡਬਲਯੂ.ਟੀ.ਓ. ਦੇ ਨੁਕਸਾਨਾਂ ਬਾਰੇ ਦੱਸਣਗੇ। ਇਸ ਨੂੰ ਲੈਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, “ਅੱਜ ਸ਼ੰਭੂ ਅਤੇ ਖਨੌਰੀ ਵਿੱਚ ਲੱਗੇ ਮੋਰਚੇ ਦਾ 13ਵਾਂ ਦਿਨ ਹੈ। ਅੱਜ ਅਸੀਂ ਦੋਵਾਂ ਸਰਹੱਦਾਂ 'ਤੇ ਕਾਨਫਰੰਸ ਕਰਾਂਗੇ ਜਿਸ 'ਚ WTO 'ਤੇ ਚਰਚਾ ਹੋਵੇਗੀ। ਅਸੀਂ ਮੰਗ ਕੀਤੀ ਹੈ ਕਿ ਖੇਤੀ ਸੈਕਟਰ ਨੂੰ WTO ਤੋਂ ਬਾਹਰ ਰੱਖਿਆ ਜਾਵੇ... ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕਰਾਂਗੇ... 26 ਫਰਵਰੀ ਦੀ ਸਵੇਰ ਨੂੰ WTO, ਕਾਰਪੋਰੇਟ ਘਰਾਣਿਆਂ ਤੇ ਸਰਕਾਰਾਂ ਦੇ ਪੁਤਲੇ ਫੂਕੇ ਜਾਣਗੇ।
29 ਫਰਵਰੀ ਨੂੰ ਅਗਲੀ ਰਣਨੀਤੀ: ਇਸ ਦੇ ਨਾਲ ਹੀ ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ ਭਲਕੇ ਦੁਪਹਿਰ ਨੂੰ ਦੋਵੇਂ ਸਰਹੱਦਾਂ 'ਤੇ 20 ਫੁੱਟ ਤੋਂ ਵੱਧ ਉੱਚੇ ਪੁਤਲੇ ਫੂਕੇ ਜਾਣਗੇ। 27 ਫਰਵਰੀ ਨੂੰ ਕਿਸਾਨ ਮਜ਼ਦੂਰ ਮੋਰਚਾ, SKM (ਗੈਰ-ਸਿਆਸੀ) ਦੇਸ਼ ਭਰ ਦੇ ਆਪਣੇ ਸਾਰੇ ਆਗੂਆਂ ਦੀ ਮੀਟਿੰਗ ਕਰੇਗਾ। ਇਸ ਤੋਂ ਬਾਅਦ 28 ਫਰਵਰੀ ਨੂੰ ਦੋਵੇਂ ਮੰਚ ਬੈਠ ਕੇ ਚਰਚਾ ਕਰਨਗੇ। ਉਨ੍ਹਾਂ ਦੱਸਿਆ ਕਿ ਅਗਲਾ ਕਦਮ 29 ਫਰਵਰੀ ਨੂੰ ਤੈਅ ਕੀਤਾ ਜਾਵੇਗਾ... ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਜੋ ਵੀ ਹੋ ਰਿਹਾ ਹੈ ਉਸ 'ਤੇ ਬੋਲਣ ਲਈ ਕਹਿ ਰਹੇ ਹਾਂ।
ਹਰਿਆਣਾ 'ਚ ਇੰਟਰਨੈੱਟ ਸੇਵਾ ਬਹਾਲ: ਦੂਜੇ ਪਾਸੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਤੋਂ ਪਾਬੰਦੀ ਹਟਾ ਲਈ ਗਈ ਹੈ। 11 ਫਰਵਰੀ ਨੂੰ ਸਵੇਰੇ 6 ਵਜੇ ਤੋਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।
ਸਿੰਘੂ ਤੇ ਟਿੱਕਰੀ ਬਾਰਡਰ 'ਤੇ ਆਵਾਜ਼ਾਈ ਬਹਾਲ:ਇਸ ਤੋਂ ਇਲਾਵਾ ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਦਿੱਲੀ ਦੇ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ, ਜੋ ਕਿ 11 ਦਿਨਾਂ ਤੋਂ ਬੰਦ ਸਨ, ਉਨ੍ਹਾਂ ਨੂੰ ਅਸਥਾਈ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਟਿੱਕਰੀ ਬਾਰਡਰ 'ਤੇ ਲਗਾਏ ਗਏ ਕੰਟੇਨਰ ਅਤੇ ਪੱਥਰ ਹਟਾ ਦਿੱਤੇ ਗਏ ਹਨ। ਹਾਲਾਂਕਿ ਸ਼ੁਰੂਆਤ 'ਚ ਇਕ ਪਾਸੇ ਵਾਲੀ ਸੜਕ ਨੂੰ ਖੋਲ੍ਹਿਆ ਗਿਆ ਹੈ। ਇਸ ਤੋਂ ਇਲਾਵਾ ਝੜੌਦਾ ਸਰਹੱਦ 'ਤੇ ਵੀ ਇੱਕ ਸਾਈਡ ਆਵਾਜ਼ਾਈ ਸ਼ੁਰੂ ਹੋ ਗਈ ਹੈ।
ਬਜਰੰਗ ਪੂਨੀਆ ਨੇ ਪੁੱਛਿਆ ਸਵਾਲ: ਉਥੇ ਹੀ ਪਹਿਲਵਾਨ ਬਜਰੰਗ ਪੂਨੀਆ ਕਿਸਾਨ ਅੰਦੋਲਨ ਦੇ ਸਮਰਥਨ 'ਚ ਆ ਗਏ ਹਨ। ਬਜਰੰਗ ਪੁਨੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ (ਐਕਸ) 'ਤੇ ਇਕ ਪੋਸਟ ਪਾ ਕੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ। ਬਜਰੰਗ ਪੂਨੀਆ ਨੇ ਲਿਖਿਆ ਕਿ "21 ਫਰਵਰੀ ਨੂੰ ਇੱਕ ਨੌਜਵਾਨ ਕਿਸਾਨ ਸ਼ਹੀਦ ਹੋ ਗਿਆ ਹੈ ਅਤੇ ਇਹ ਦੂਸਰਾ ਨੌਜਵਾਨ ਕਿਸਾਨ ਪ੍ਰੀਤਪਾਲ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਝੂਲ ਰਿਹਾ ਹੈ। ਕਿਸਾਨਾਂ ਨਾਲ ਅਜਿਹੀ ਬੇਰਹਿਮੀ ਕਿਸੇ ਵੀ ਲੋਕਤੰਤਰੀ ਦੇਸ਼ ਲਈ ਠੀਕ ਨਹੀਂ ਹੈ। ਕਿਸਾਨਾਂ ਨਾਲ ਜੋ ਵਾਪਰਿਆ ਹੈ, ਉਹ ਮਨ ਨੂੰ ਝੰਜੋੜਨ ਵਾਲਾ ਹੈ।"
ਦੇਸ਼ ਭਰ ਵਿੱਚ ਕੱਢੇ ਗਏ ਕੈਂਡਲ ਮਾਰਚ: ਨੌਜਵਾਨ ਕਿਸਾਨ ਸ਼ੁੱਭਕਰਮ ਦੀ ਮੌਤ ਦੇ ਰੋਸ ਵੱਜੋਂ ਬੀਤੇ ਦਿਨੀਂ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਕੈਂਡਲ ਮਾਰਚ ਕੱਢੇ ਗਏ। ਇਸ ਇਲਾਵਾ ਕਿਸਾਨਾਂ ਦੇ ਹੱਕ ਵਿੱਚ ਆਦਿਵਾਸੀ ਸਮਾਜ ਵੱਲੋਂ 26 ਫਰਵਰੀ ਨੂੰ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪੇ ਜਾਣਗੇ।
ਕਿਸਾਨਾਂ ਨੇ ਰੱਖੀ ਇਹ ਮੰਗ: ਦੱਸ ਦਈਏ ਕਿ ਖਨੌਰੀ ਸਰਹੱਦ 'ਤੇ ਸ਼ਹੀਦ ਹੋਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁੱਭਕਰਮ ਦਾ ਅੰਤਿਮ ਸਸਕਾਰ ਅਜੇ ਤੱਕ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਨੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਅਤੇ ਪਰਿਵਾਰ ਦੀ ਮੰਗ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਕਤਲ ਦੀ ਐਫਆਈਆਰ ਦਰਜ ਕਰੇ।
ਦੇਸ਼ ਭਰ ਵਿੱਚ ਮਨਾਇਆ ਕਾਲਾ ਦਿਨ: ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਕਾਲਾ ਦਿਨ ਮਨਾਇਆ ਗਿਆ, ਇਸ ਦੌਰਾਨ ਕਿਸਾਨਾਂ ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਮੰਤਰੀਆਂ ਦੇ ਪੁਤਲੇ ਸਾੜ। ਹਰਿਆਣਾ 'ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ। ਕਿਸਾਨ ਹਿਸਾਰ ਦੇ ਨਾਰਨੌਂਦ ਤੋਂ ਖਨੌਰੀ ਬਾਰਡਰ ਜਾਣਾ ਚਾਹੁੰਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਝੜਪ ਵਿੱਚ 24 ਪੁਲਿਸ ਮੁਲਾਜ਼ਮ ਅਤੇ 16 ਕਿਸਾਨ ਜ਼ਖ਼ਮੀ ਹੋ ਗਏ। ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ।