ਬਠਿੰਡਾ:ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਮੌੜ ਮੰਡੀ ਦੇ ਥਾਣੇ ਦਾ ਘਿਰਾਓ ਕੀਤਾ ਗਿਆ। ਇਸ ਘਿਰਾਓ ਦੌਰਾਨ ਕਿਸਾਨ ਆਗੂਆਂ ਦੇ ਵੱਲੋਂ ਦੋ ਆੜ੍ਹਤੀਆਂ ਅਤੇ ਉਨ੍ਹਾਂ ਦੇ ਤਿੰਨ ਸਹਾਇਕਾਂ ਦੇ ਉੱਪਰ 15 ਲੱਖ ਰੁਪਏ ਦੀ ਠੱਗੀ ਦੇ ਦੋਸ਼ ਲਗਾਏ ਹਨ। ਜਿਸ 'ਚ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ।
ਕਿਸਾਨਾਂ ਵੱਲੋਂ ਮੌੜ ਮੰਡੀ ਥਾਣੇ ਦਾ ਘਿਰਾਓ (Etv Bharat (ਬਠਿੰਡਾ, ਪੱਤਰਕਾਰ)) ਕਿਸਾਨ ਜਥੇਬੰਦੀ ਵੱਲੋਂ ਥਾਣੇ ਦਾ ਘਿਰਾਓ
ਇਸ ਘਿਰਾਓ ਦੇ ਦੌਰਾਨ ਕਿਸਾਨ ਜਥੇਬੰਦੀ ਬੀਕੇਯੂ ਡਕੌਂਦਾ ਦੇ ਆਗੂਆਂ ਨੇ ਕਿਹਾ ਕਿ ਮੌੜ ਮੰਡੀ ਦੇ ਦੋ ਆੜ੍ਹਤੀਆਂ ਅਤੇ ਤਿੰਨ ਸਹਾਇਕਾਂ ਵੱਲੋਂ 15 ਲੱਖ ਰੁਪਏ ਦੇ ਕਰੀਬ ਦੀ ਕਿਸਾਨਾਂ ਦੇ ਨਾਲ ਠੱਗੀ ਮਾਰੀ ਗਈ ਹੈ, ਜਿਸ ਦੇ ਤਹਿਤ ਥਾਣਾ ਮੌੜ ਦੇ ਵਿੱਚ ਪੁਲਿਸ ਵੱਲੋਂ ਪੰਜ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਇੰਨ੍ਹਾਂ ਪੰਜਾਂ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਪੁਲਿਸ ਵਲੋਂ ਮੁਕੱਦਮੇ ਦੇ ਵਿੱਚ ਬਾਹਰ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਨੇ ਇੱਕ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਮੁੱਖ ਦੋਸ਼ੀ ਜੱਸਾ ਸਿੰਘ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਆੜ੍ਹਤੀਆਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਜਦੋਂ ਤੱਕ ਬਾਕੀ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸੇ ਤਰੀਕੇ ਦੇ ਨਾਲ ਥਾਣੇ ਦਾ ਘਿਰਾਓ ਜਾਰੀ ਰਹੇਗਾ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸੜਕਾਂ ਜਾਮ ਕਰਨ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਜਿਸ ਦੇ ਚੱਲਦੇ ਹੀ ਮਜਬੂਰਨ ਹੁਣ ਉਹਨਾਂ ਵੱਲੋਂ ਥਾਣੇ ਦਾ ਘਿਰਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਜੱਸਾ ਸਿੰਘ ਦੀ ਗ੍ਰਿਫਤਾਰੀ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।