ਚੰਡੀਗੜ੍ਹ:ਕਿਸਾਨਾਂ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਐਤਵਾਰ ਨੂੰ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਰੀਬ 32 ਮੰਗਾਂ 'ਤੇ ਚਰਚਾ ਕੀਤੀ ਗਈ। ਇਹ ਮੁਲਾਕਾਤ ਕਰੀਬ 7 ਘੰਟੇ ਚੱਲੀ। ਮੀਟਿੰਗ ਤੋਂ ਬਾਅਦ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਅਤੇ ਸਾਰੀਆਂ ਮੰਗਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੰਗਾਂ ਦੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ : ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ। ਮੀਟਿੰਗ ਤੋਂ ਬਾਅਦ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਸਾਰੀਆਂ ਮੰਗਾਂ ਬਾਰੇ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਜਲਦੀ ਹੀ ਇਨ੍ਹਾਂ ਮੰਗਾਂ 'ਤੇ ਫੈਸਲਾ ਲਿਆ ਜਾਵੇਗਾ।
ਸਰਕਾਰ ਨੂੰ 15 ਅਗਸਤ ਤੱਕ ਦਾ ਅਲਟੀਮੇਟਮ : ਕਿਸਾਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਬਾਕੀ ਸਾਰੀਆਂ ਮੰਗਾਂ ਦੇ ਨਾਲ-ਨਾਲ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਲੰਮੀ ਚਰਚਾ ਹੋਈ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇਗੀ। ਅਸੀਂ ਸਰਕਾਰ ਨੂੰ 15 ਅਗਸਤ ਤੱਕ ਦਾ ਸਮਾਂ ਦਿੱਤਾ ਹੈ। 15 ਅਗਸਤ ਤੋਂ ਬਾਅਦ ਕਿਸਾਨ ਅਗਲੀ ਰਣਨੀਤੀ ਤੈਅ ਕਰਨਗੇ। ਸ਼ੰਭੂ ਬਾਰਡਰ ਬਾਰੇ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਸ਼ੰਭੂ ਬਾਰਡਰ ਬਾਰੇ ਕੋਈ ਚਰਚਾ ਨਹੀਂ ਹੋਈ।
ਉਸਾਰੂ ਮਾਹੌਲ ਵਿੱਚ ਗੱਲਬਾਤ:ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ 14 ਜੁਲਾਈ ਨੂੰ ਰੋਹਤਕ ਵਿੱਚ ਮੀਟਿੰਗ ਹੋਈ ਸੀ ਜਿਸ ਵਿੱਚ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਕਿਸਾਨ ਮੁੜ ਧਰਨੇ ’ਤੇ ਬੈਠਣਗੇ। ਇਸ ਤੋਂ ਬਾਅਦ ਸਰਕਾਰ ਅੱਗੇ ਵਧੀ ਅਤੇ ਸਾਨੂੰ ਗੱਲਬਾਤ ਲਈ ਬੁਲਾਇਆ ਅਤੇ ਚੰਗੀ ਗੱਲਬਾਤ ਉਸਾਰੂ ਮਾਹੌਲ ਵਿੱਚ ਹੋਈ। ਹੁਣ ਵੇਖਣਾ ਹੋਵੇਗਾ ਕਿ ਕੀ ਸਰਕਾਰ ਕਿਸਾਨਾਂ ਦੀ ਮੰਗਾਂ ਮੰਗਦੀ ਹੈ ਜਾਂ ਨਹੀਂ ਅਤੇ ਜੇਕਰ ਮੰਨਦੀ ਹੈ ਤਾਂ ਕਿਹੜੀ-ਕਿਹੜੀ ਮੰਗ ਮੰਨੀ ਜਾਵੇਗੀ।ਕੀ ਮੁੜ ਤੋਂ ਕਿਸਾਨਾਂ ਨੂੰ ਧਰਨੇ 'ਤੇ ਬੈਠਣਾ ਪਵੇਗਾ? ਇੰਨ੍ਹਾਂ ਸਵਾਲਾਂ ਦੇ ਜਵਾਬ 15 ਅਗਸਤ ਤੱਕ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।