ਬਠਿੰਡਾ:ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਝੋਨੇ ਦਾ ਦਾਣਾ-ਦਾਣਾ ਖਰੀਦਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਸਰੇ ਪਾਸੇ ਮੰਡੀਆਂ ਵਿੱਚ ਝੋਨਾ ਲੈ ਕੇ ਬੈਠੇ ਕਿਸਾਨਾਂ ਨੇ ਦੋਸ਼ ਲਾਇਆ ਕਿ ਕਈ-ਕਈ ਰਾਤਾਂ ਮੰਡੀ ਵਿੱਚ ਗੁਜ਼ਾਰਨ ਦੇ ਬਾਵਜੂਦ ਉਨੇ ਦੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਸ਼ੈਲਰ ਮਾਲਕਾਂ ਵੱਲੋਂ ਕਾਟ-ਕੱਟ ਕੇ ਝੋਨਾ ਖਰੀਦਣ ਦੀ ਗੱਲ ਆਖੀ ਜਾ ਰਹੀ ਅਤੇ ਕਿਸਾਨਾਂ ਨੂੰ ਐਮਐਸਪੀ ਤੋਂ ਘੱਟ ਝੋਨਾ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਮੰਡੀਆਂ 'ਚ ਰਾਤ ਕੱਟ ਰਹੇ ਕਿਸਾਨ
ਬਠਿੰਡਾ ਦੇ ਪਿੰਡ ਪਥਰਾਲਾ ਵਿੱਚ ਲੱਗੀ ਦਾਣਾ ਮੰਡੀ ਵਿੱਚ ਝੋਨਾ ਲੈ ਕੇ ਪੁੱਜੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਜਸਕਰਨ ਸਿੰਘ ਤੇ ਨਛੱਤਰ ਸਿੰਘ ਨੇ ਦੱਸਿਆ ਕਿ ਮਾਰਕ ਫੈਡ ਵੱਲੋਂ ਜੋ ਝੋਨਾ ਖਰੀਦਿਆ ਗਿਆ ਸੀ, ਉਸ ਦੀ ਕਾਫ਼ੀ ਹੱਦ ਤੱਕ ਖਰੀਦ ਨਹੀਂ ਕੀਤੀ ਗਈ। ਜਿਸ ਕਾਰਨ ਮੰਡੀ ਵਿੱਚ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ। ਸਰਕਾਰ ਵੱਲੋਂ ਤੈਅ ਕੀਤੇ ਗਏ ਪੈਮਾਨੇ 'ਤੇ ਖਰਾ ਉਤਰਨ ਦੇ ਬਾਵਜੂਦ ਝੋਨੇ ਦੀ ਖਰੀਦ, ਖਰੀਦ ਏਜੰਸੀਆਂ ਵੱਲੋਂ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਕਈ-ਕਈ ਰਾਤਾਂ ਮੰਡੀਆਂ ਵਿੱਚ ਗੁਜ਼ਾਰਨੀਆਂ ਪੈ ਰਹੀਆਂ ਹਨ।