ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 'ਪ੍ਰਾਈਵੇਟ' ਆਸਟ੍ਰੇਲੀਆ ਫੇਰੀ ਨੇ ਸੂਬੇ ਦੀ ਸਿਆਸਤ ਅੰਦਰ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵਿਰੋਧੀ ਧਿਰਾਂ ਇਲਜ਼ਾਮ ਲਾ ਰਹੀਆਂ ਹਨ ਕਿ ਕਿਸਾਨ ਸੰਘਰਸ਼ ਕਰ ਰਹੇ ਹਨ, ਪੁਲਿਸ ਚੌਕੀਆਂ 'ਤੇ ਬੰਬ ਧਮਾਕੇ ਹੋ ਰਹੇ ਹਨ ਅਤੇ ਸਾਰਾ ਪੰਜਾਬ ਸੋਗ ਵਜੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਪਰ ਪੰਜਾਬ ਦਾ ਖਿਆਲ ਛੱਡ ਕੇ ਮੁੱਖ ਮੰਤਰੀ ਆਪਣੇ ਨਿਜੀ ਸੁਆਦ ਲਈ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਚਲੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਕੁਝ ਸੀਨੀਅਰ ਨੌਕਰਸ਼ਾਹਾਂ ਨਾਲ ਆਸਟ੍ਰੇਲੀਆ ਗਏ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਨਵੇਂ ਸਾਲ ਵਿੱਚ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਪਰਤਣਗੇ।
ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ 28 ਦਸੰਬਰ ਨੂੰ ਮੈਲਬਰਨ ਵਿੱਚ ਹੋ ਰਹੀ ਪ੍ਰੋ-ਕਬੱਡੀ ਲੀਗ ਦੇਖਣ ਜਾ ਸਕਦੇ ਹਨ। ਉੱਥੇ ਇਹ ਵੀ ਕਿਆਸੇ ਲਾ ਜਾ ਰਹੇ ਹਨ ਕਿ ਉਹ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਆਖਰੀ ਟੈਸਟ ਮੈਚ ਵਿੱਚ ਵੀ ਜਾ ਸਕਦੇ ਹਨ। ਜਿਉਂ ਹੀ ਮੁੱਖ ਮੰਤਰੀ ਦੀ ਇਸ ਪ੍ਰਾਈਵੇਟ ਫੇਰੀ ਬਾਰੇ ਖ਼ਬਰਾਂ ਆਈਆਂ ਤਾਂ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈ ਲਿਆ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਜਿੱਥੇ ਇਸ ਨਿਜੀ ਦੌਰੇ ਦਾ ਵਿਰੋਧ ਕੀਤਾ ਉਥੇ ਇਹ ਵੀ ਕਿਹਾ ਕਿ ਕਿਸਾਨ ਸੜਕਾਂ 'ਤੇ ਸੰਘਰਸ਼ ਕਰ ਰਿਹਾ ਹੈ, ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ, ਸੂਬੇ ਦੀਆਂ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਮੁੱਖ ਮੰਤਰੀ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਘੁੰਮ ਰਹੇ ਹਨ।
ਮਾਨ ਨੂੰ ਪੰਜਾਬ ਦਾ ਭੋਰਾ ਫ਼ਿਕਰ ਨਹੀਂ: ਬਾਜਵਾ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਧਮਾਕਿਆਂ ਨਾਲ ਹਿੱਲ ਗਏ ਹਨ, ਜਿਸ ਨਾਲ ਕਾਨੂੰਨ ਵਿਵਸਥਾ ਦੀ ਸਭ ਤੋਂ ਖਰਾਬ ਸਥਿਤੀ ਸਾਹਮਣੇ ਆਈ ਹੈ। ਕਿਸਾਨ ਯੂਨੀਅਨ ਦੇ ਸਭ ਤੋਂ ਸੀਨੀਅਰ ਆਗੂਆਂ ਵਿਚੋਂ ਇੱਕ ਜਗਜੀਤ ਸਿੰਘ ਡੱਲੇਵਾਲ ਮੌਤ ਦੀ ਮੰਜ਼ਿਲ 'ਤੇ ਹਨ ਅਤੇ ਉਨ੍ਹਾਂ ਦਾ ਮਰਨ ਵਰਤ 31ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮੰਡੀ ਪ੍ਰਣਾਲੀ ਨੂੰ ਖਤਮ ਕਰਨ ਅਤੇ ਖੇਤੀਬਾੜੀ ਮੰਡੀਕਰਨ ਬਾਰੇ ਰਾਸ਼ਟਰੀ ਨੀਤੀ ਢਾਂਚੇ ਰਾਹੀਂ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕੁਝ ਧਾਰਾਵਾਂ ਨੂੰ ਵਾਪਸ ਲਿਆਉਣ ਦੀ ਸਾਜਿਸ਼ ਰਚੀ ਹੈ। ਅਜਿਹੇ ਹਾਲਾਤ 'ਚ ਪੰਜਾਬ ਦੇ ਮੁੱਖ ਮੰਤਰੀ ਆਸਟ੍ਰੇਲੀਆ 'ਚ ਕ੍ਰਿਕਟ ਮੈਚ ਦਾ ਆਨੰਦ ਲੈਣ ਬਾਰੇ ਕਿਵੇਂ ਸੋਚ ਸਕਦੇ ਹਨ?
"ਮਾਨ ਸਾਬ੍ਹ ਛੁੱਟੀਆਂ ਮਨਾਉਣ ਵਿੱਚ ਮਸ਼ਰੂਫ਼"
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਢੁਕਵੀਂ ਪ੍ਰਤੀਕਿਰਿਆ ਦੇਣ ਅਤੇ ਖੇਤੀਬਾੜੀ ਮੰਡੀਕਰਨ ਬਾਰੇ ਰਾਸ਼ਟਰੀ ਨੀਤੀ ਢਾਂਚੇ ਦੇ ਪੰਜਾਬੀ ਕਿਸਾਨਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਜਨਵਰੀ 2025 ਤੱਕ ਮੁਲਤਵੀ ਕਰਨ ਦੀ ਬਜਾਏ ਦਸੰਬਰ 2024 ਵਿੱਚ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਕੈਬਨਿਟ ਮੀਟਿੰਗਾਂ ਵੀ ਨਹੀਂ ਕੀਤੀਆਂ ਹਨ। ਕਾਂਗਰਸੀ ਲੀਡਰ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਡਾਵਾਂਡੋਲ ਹੈ ਤੇ ਮਾਨ ਸਾਬ੍ਹ ਛੁੱਟੀਆਂ ਮਨਾਉਣ ਵਿੱਚ ਮਸ਼ਰੂਫ਼ ਹਨ।
ਖਨੌਰੀ ਗਏ ਨਹੀਂ, ਆਸਟ੍ਰੇਲੀਆ ਪਹੁੰਚ ਗਏ ਮਾਨ: ਜਾਖੜ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਐਮਰਜੈਂਸੀ ਵਰਗੀ ਸਥਿਤੀ ਵਿੱਚ ਪੰਜਾਬ ਛੱਡ ਕੇ ਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਸਟ੍ਰੇਲੀਆ ਜਾਣ ਬਾਰੇ ਤਾਂ ਸੋਚ ਸਕਦੇ ਹਨ ਪਰ ਖਨੌਰੀ ਬਾਰਡਰ 'ਤੇ ਜਾ ਕੇ ਕਿਸਾਨ ਆਗੂ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਲਈ ਅਪੀਲ ਨਹੀਂ ਕਰ ਸਕਦੇ। ਬੀਜੇਪੀ ਆਗੂ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੈ ਪਰ ਮੁੱਖ ਮੰਤਰੀ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਬੀਜੇਪੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੇਰੁਜ਼ਗਾਰ ਉਨ੍ਹਾਂ ਦੇ ਸੰਗਰੂਰ ਸਥਿਤ ਘਰ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ਹਨ ਤੇ ਮਾਨ ਨੂੰ ਉਨ੍ਹਾਂ ਦੀ ਕੋਈ ਫਿਕਰ ਨਹੀਂ, ਠੰਢ ਵਿੱਚ ਸੜਕਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਕੋਲ ਜਾਣ ਦਾ ਕੋਈ ਸਮਾਂ ਨਹੀਂ, ਪੰਜਾਬ ਦੇ ਪੁਲਿਸ ਥਾਣਿਆਂ 'ਤੇ ਹੋ ਰਹੇ ਹਮਲਿਆਂ ਦੀ ਕੋਈ ਚਿੰਤਾ ਨਹੀਂ ਤੇ ਉਹ ਅਨੰਦ ਲੈਣ ਲਈ ਆਸਟ੍ਰੇਲੀਆ ਪਹੁੰਚੇ ਹੋਏ ਹਨ।
ਸ਼ਹੀਦੀ ਪੰਦਰਵਾੜੇ 'ਚ ਆਸਟ੍ਰੇਲੀਆ ਜਾਣਾ ਸ਼ਰਮਨਾਕ: ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸ਼ਹੀਦੀ ਪੰਦਰਵਾੜੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਸਟ੍ਰੇਲੀਆ ਵਿੱਚ ਛੁੱਟੀਆਂ ਮਨਾਉਣ ਨੂੰ ਸ਼ਰਮਨਾਕ ਦਸਦਿਆਂ ਕਿਹਾ ਕਿ ਹਰੇਕ ਸਾਲ ਦਸੰਬਰ ਦੇ ਮਹੀਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਮਾਤਾ, ਉਨ੍ਹਾਂ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਅਤੇ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਲੋਕ ਨਤਮਸਤਕ ਹੁੰਦੇ ਹਨ। ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਆਪਣੀ ਸ਼ਰਧਾ ਭੇਟ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਛੁੱਟੀਆਂ ਦਾ ਅਨੰਦ ਲੈਣ ਲਈ ਆਸਟ੍ਰੇਲੀਆ ਪਹੁੰਚੇ ਹੋਏ ਹਨ। ਉਨ੍ਹਾਂ ਇਸ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਇਸ ਸਾਲ ਫਰਵਰੀ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਧਰਨੇ ਦੇ ਰਹੇ ਹਨ ਅਤੇ ਮੁੱਖ ਮੰਤਰੀ ਉਨ੍ਹਾਂ ਕੋਲ ਤਾਂ ਗਏ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਅੱਗੇ ਲੱਗ ਕੇ ਕੇਂਦਰ ਨਾਲ ਮੀਟਿੰਗ ਕਰਾਉਣੀ ਚਾਹੀਦੀ ਸੀ ਪਰ ਉਹ ਤਾਂ ਪੰਜਾਬ ਨੂੰ ਲਾਵਾਰਸ ਛੱਡ ਕੇ ਵਿਦੇਸ਼ ਪਹੁੰਚ ਗਏ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹੀ ਕਿਹਾ ਸੀ ਕਿ ਜੇਕਰ ਕੇਂਦਰ ਐਮਐਸਪੀ ਨਹੀਂ ਦੇਵੇਗੀ ਤਾਂ ਉਹ ਖ਼ੁਦ ਕਿਸਾਨਾਂ ਨੂੰ ਇਸ ਦਾ ਬਣਦਾ ਹੱਕ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਹ ਹੁੰਦਾ ਹੈ ਜਿਹੜਾ ਔਖੇ ਵੇਲੇ ਪੰਜਾਬ ਦੇ ਨਾਲ ਖੜ੍ਹੇ ਨਾ ਕਿ ਉਹ ਜਿਹੜਾ ਮੁਸ਼ਕਿਲ ਦੌਰ ਵਿੱਚ ਨਵਾਂ ਸਾਲ ਮਨਾਉਣ ਲਈ ਆਸਟ੍ਰੇਲੀਆ ਪਹੁੰਚ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਜੀ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੋਈ ਪ੍ਰਤੀਕਿਰਿਆ ਨਹੀਂ ਜਤਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਵਿਰੋਧੀ ਧਿਰਾਂ ਵੱਲੋਂ ਇਸ ਲਈ ਵੀ ਨਿਖੇਧੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਸਾਲ ਬਹੁਤ ਘੱਟ ਕੈਬਨਿਟ ਮੀਟਿੰਗਾਂ ਹੋਈਆਂ ਹਨ। ਹਲਾਂਕਿ ਇਸ ਸਾਲ ਸਿਰਫ਼ 5 ਕੈਬਨਿਟ ਮੀਟਿੰਗਾਂ ਹੋਈਆਂ। ਲੋਕ ਸਭਾ ਚੋਣਾਂ, ਜ਼ਿਮਨੀ ਚੋਣਾਂ, ਪੰਚਾਇਤੀ ਚੋਣਾਂ ਅਤੇ ਹਾਲ ਹੀ ਵਿੱਚ ਖਤਮ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਕਾਰਨ ਵੀ ਇਹ ਕੈਬਨਿਟ ਮੀਟਿੰਗਾਂ ਨਹੀਂ ਹੋ ਸਕੀਆਂ ਕਿਉਂਕਿ ਇਨ੍ਹਾਂ ਚੋਣਾਂ ਦੌਰਾਨ ਚੋਣ ਜ਼ਾਬਤਾ ਲੱਗਿਆ ਹੋਇਆ ਸੀ ਅਤੇ ਸਰਕਾਰ ਵੱਲੋਂ ਅਜਿਹੇ ਸਮੇਂ ਵਿੱਚ ਵਿਕਾਸ ਦੇ ਕੰਮਾਂ ਸਬੰਧੀ ਕੋਈ ਐਲਾਨ ਵੀ ਨਹੀਂ ਕੀਤਾ ਜਾ ਸਕਦਾ ਸੀ।