ਅੰਮ੍ਰਿਤਸਰ:ਪਿਛਲੇ 10 ਮਹੀਨਿਆਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਤਹਿਤ ਹੁਣ ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 26 ਦਸੰਬਰ ਨੂੰ ਖਨੌਰੀ ਸਰਹੱਦ 'ਤੇ ਟਰਾਂਸਪੋਰਟਰਾਂ, ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਹੋਰਾਂ ਦੀ ਮੀਟਿੰਗ ਸੱਦੀ ਹੈ। ਬੰਦ ਦੌਰਾਨ ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੱਸਾਂ ਅਤੇ ਹੋਰ ਵਾਹਨ ਨਹੀਂ ਚੱਲਣਗੇ ਅਤੇ ਬਾਜ਼ਾਰ ਅਤੇ ਵਪਾਰਕ ਅਦਾਰੇ ਵੀ ਬੰਦ ਰਹਿਣਗੇ। ਉਧਰ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਪੰਜਾਬ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ।
ਡੱਲੇਵਾਲ ਜੀ ਦੇ ਮਰਨ ਵਰਤ ਨੂੰ ਕੀਤਾ ਗਿਆ ਅੱਖੋਂ ਪਰੋਖੇ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਪੰਜਾਬ ਬੰਦ ਦੇ ਸੱਦੇ ’ਚ ਟਰੱਕ ਯੂਨੀਅਨ, ਸਟੁਡੈਂਟ ਯੂਨੀਅਨ, ਪੀਆਰਟੀਸੀ ਅਤੇ ਪ੍ਰਾਈਵੇਟ ਯੂਨੀਅਨ, ਮਜ਼ਦੂਰ ਯੂਨੀਅਨ, ਪੱਲੇਦਾਰ ਯੂਨੀਅਨ ਅਤੇ ਸਾਬਕਾ ਸੈਨਿਕ ਯੂਨੀਅਨ ’ਚ ਸ਼ਾਮਿਲ ਹੋਣ ਦੇ ਲਈ ਅਪੀਲ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ 13 ਫਰਵਰੀ ਤੋਂ ਸ਼ੁਰੂ ਹੋਏ ਦਿੱਲੀ ਅੰਦੋਲਨ ਤੇ ਅਤਿਆਚਾਰ ਕੀਤਾ ਗਿਆ ਹੈ ਅਤੇ 26 ਨਵੰਬਰ ਤੋਂ ਜਾਰੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ, ਅਜਿਹੀਆਂ ਹਾਲਤਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਅੰਦੋਲਨ ਨਾਲ ਇੱਕਜੁਟਤਾ ਦਿਖਾਉਂਦੇ ਹੋਏ ਆਪਣੇ ਕਾਰੋਬਾਰ ਇੱਕ ਦਿਨ ਲਈ ਬੰਦ ਕਰਕੇ ਸਹਿਯੋਗ ਦੇਣ ਤਾਂ ਜ਼ੋ ਇਹਨਾਂ ਕਾਰੋਬਾਰਾਂ ਤੇ ਬੁਰੀ ਨਜ਼ਰ ਰੱਖਣ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਸਾਂਝੇ ਰੂਪ ਵਿੱਚ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਜ਼ਾਹਿਰ ਕੀਤੀ ਜਾ ਸਕੇ।