ਚੰਡੀਗੜ੍ਹ:ਨਵਦੀਪ ਜਲਬੇੜਾ ਦੀ ਰਿਹਾਈ ਤੋਂ ਬਾਅਦ ਕਿਸਾਨ ਹੁਣ ਅੰਬਾਲਾ ਵਿੱਚ ਐਸਪੀ ਦਫ਼ਤਰ ਦਾ ਘਿਰਾਓ ਨਹੀਂ ਕਰਨਗੇ, ਸਗੋਂ ਸਾਰੇ ਕਿਸਾਨਾਂ ਨੂੰ ਅੰਬਾਲਾ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਣ ਲਈ ਕਿਹਾ ਗਿਆ ਹੈ ਅਤੇ ਉੱਥੋਂ ਸਾਰੇ ਕਿਸਾਨ ਇਕੱਠੇ ਹੋ ਕੇ ਸ਼ੰਭੂ ਬਾਰਡਰ ਜਾਣਗੇ।
ਕਿਸਾਨ ਆਗੂ ਨੇ ਕਿਹਾ ਕਿ ਸਾਡਾ ਨੌਜਵਾਨ ਨਵਦੀਪ ਵਾਪਸ ਆ ਗਿਆ ਹੈ। ਕਿਸਾਨ ਆਗੂ ਨੇ ਹੋਰ ਕਿਸਾਨਾਂ ਨੂੰ ਅੰਬਾਲਾ ਦੀ ਅਨਾਜ ਮੰਡੀ ਵਿੱਚ ਪੁੱਜਣ ਦੀ ਅਪੀਲ ਕਰਦਿਆ ਕਿਹਾ ਕਿ ਉੱਥੇ ਨਵਦੀਪ ਦਾ ਪਹਿਲਾਂ ਸਨਮਾਨ ਕੀਤਾ ਜਾਵੇਗਾ ਅਤੇ ਫਿਰ ਸਮੇਂ ਸਿਰ ਸ਼ੰਭੂ ਬਾਰਡਰ ਵੱਲ ਚਾਲੇ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਸਵੇਰੇ 10 ਵਜੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।
ਐਸਪੀ ਦਫ਼ਤਰ ਘੇਰਨ ਦਾ ਕੀਤਾ ਸੀ ਐਲਾਨ: ਕਿਸਾਨਾਂ ਨੇ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਕਿਸਾਨ ਆਗੂ ਅਤੇ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਦੀ ਰਿਹਾਈ ਲਈ ਐਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਨਵਦੀਪ ਜਲਬੇੜਾ ਨੂੰ ਮੰਗਲਵਾਰ ਰਾਤ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਵਿੱਚ ਧਾਰਾ 163 ਲਗਾ ਦਿੱਤੀ ਹੈ।
ਦੂਜੇ ਪਾਸੇ, ਬੀਤੇ ਦਿਨ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਨੇਤਾਵਾਂ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਕਿਸਾਨ ਆਗੂ ਅਮਰਜੀਤ ਮੋਹਾੜੀ ਨੇ ਕਿਹਾ ਹੈ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਲਾਏ ਗਏ ਬੈਰੀਕੇਡ ਹੱਟਵਾਉਣ ਤੋਂ ਬਾਅਦ ਹੀ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਹਾਈ ਕੋਰਟ ਦੇ ਫੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸੜਕ ਕਿਸਾਨਾਂ ਨੇ ਨਹੀਂ, ਸਗੋਂ ਭਾਜਪਾ ਸਰਕਾਰ ਨੇ ਰੋਕੀਆ ਹਨ।
ਦਿੱਲੀ ਵੱਲ ਕੂਚ ਕਰਨ ਦੀ ਤਿਆਰੀ:ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸ਼ੰਭੂ ਬਾਰਡਰ ਖੁੱਲ੍ਹਦੇ ਹੀ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਅਸੀਂ ਬਸ ਸਾਮਾਨ ਇਕੱਠਾ ਕਰਨ ਲਈ ਸਮਾਂ ਲਵਾਂਗੇ, ਉਸ ਤੋਂ ਬਾਅਦ ਅਸੀਂ ਦਿੱਲੀ ਲਈ ਰਵਾਨਾ ਹੋਵਾਂਗੇ। ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਹਰਿਆਣਾ ਦੀ ਬਣਾਈ ਗਈ ਐਸਆਈਟੀ ਤੋਂ ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ।
ਕੌਣ ਹੈ ਨਵਦੀਪ ਜਲਬੇੜਾ: ਨਵਦੀਪ ਸਿੰਘ ਜਲਬੇੜਾ ਕਿਸਾਨ ਆਗੂ ਜੈ ਸਿੰਘ ਦਾ ਪੁੱਤਰ ਹੈ, ਜੋ ਪਹਿਲਾਂ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ। ਅੰਬਾਲਾ ਪੁਲਿਸ ਨੇ ਨਵਦੀਪ ਜਲਬੇੜਾ ਖ਼ਿਲਾਫ਼ 13 ਫਰਵਰੀ ਨੂੰ ਆਈਪੀਸੀ ਦੀ ਧਾਰਾ 307 ਅਤੇ 379-ਬੀ ਅਤੇ ਹੋਰ ਧਾਰਾਵਾਂ ਤਹਿਤ ਐਫਆਈਆਰ ਨੰਬਰ 40 ਦਰਜ ਕੀਤੀ ਸੀ। 28 ਮਾਰਚ ਨੂੰ ਪੁਲੀਸ ਨੇ ਉਸ ਨੂੰ ਮੁਹਾਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਮੰਗਲਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਨਵਦੀਪ 111 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਇਆ।