ਕਿਸਾਨ ਪ੍ਰਦਰਸ਼ਨਕਾਰੀ ਹੋਏ ਅੱਗ ਬਬੂਲਾ (ਈਟੀਵੀ ਭਾਰਤ (ਸ੍ਰੀ ਮੁਕਤਸਰ ਸਾਹਿਬ)) ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ 1 ਜੂਨ ਨੂੰ ਹੋਣੀ ਹੈ ਜਿਸ ਨੂੰ ਜਿੱਥੇ ਇੱਕ ਪਾਸੇ ਸਿਆਸੀ ਪਾਰਟੀਆਂ ਵਲੋਂ ਲੋਕਾਂ ਕੋਲੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ, ਕਿਸਾਨਾਂ ਵਲੋਂ ਮੰਤਰੀਆਂ ਤੇ ਉਮੀਦਵਾਰਾਂ ਕੋਲੋਂ ਆਪਣੇ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਹਨ। ਇਸ ਨੂੰ ਲੈ ਕੇ ਕਈ ਪਿੰਡਾਂ ਵਿੱਚ ਤਾਂ ਕਿਸਾਨਾਂ ਵਲੋਂ ਸਿਆਸੀ ਲੀਡਰ ਦਾ ਮੁਕੰਮਲ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੀਡਰਾਂ ਨੂੰ ਪਿੰਡ ਵਿੱਚ ਨਾ ਵੜ੍ਹਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।
ਇੱਥੇ ਹੋਇਆ ਹੰਗਾਮਾ : ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਅਬੋਹਰ ਨੇੜਲੇ ਪਿੰਡ ਵਹਾਬ ਵਾਲਾ ਦੇ ਅਮਰਪੁਰਾ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਚੁਣਾਵੀ ਦੌਰਾ ਸੀ।
ਇਸ ਦੌਰੇ ਸਬੰਧੀ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਕਿਸਾਨਾਂ ਨੂੰ ਸਮਾਂ ਦਿੱਤੇ ਜਾਣ ਤੋਂ ਬਾਅਦ ਵੀ ਜਦੋਂ ਕਿਸਾਨਾਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਹੋਣ ਦੀ ਕਿਸਾਨਾਂ ਨੂੰ ਪੱਕੀ ਆਸ ਬੱਝ ਗਈ ਤਾਂ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਉਪਰੰਤ ਅਬੋਹਰ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਇੱਕ ਬਖਤਰਬੰਦ ਗੱਡੀ ਰਾਹੀਂ ਕਿਸੇ ਅਣਦਸੀ ਥਾਂ ਵੱਲ ਗੱਡੀ ਨੂੰ ਘੁੰਮਾ ਲਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਅਸੀ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਸਬੰਧੀ ਹੀ ਮੁੱਖ ਮੰਤਰੀ ਨਾਲ ਚਰਚਾ ਕਰਨੀ ਸੀ। ਭ੍ਰਿਸ਼ਟਾਚਾਰ ਦੀਆਣ ਹੱਦਾਂ ਸਾਰੀਆਂ ਇਨ੍ਹਾਂ ਦੀ ਸਰਕਾਰ ਵੇਲ੍ਹੇ ਪਾਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕਿਰਤੀ ਲੋਕਾਂ ਨਾਲ ਧੱਕਾ ਕੀਤਾ ਹੈ। ਇਹ ਲੋਕਤੰਤਰ ਦਾ ਕਤਲ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣਾ ਚਹੇਤਾ ਦੱਸਣ ਵਾਲੇ ਭਗਵੰਤ ਮਾਨ ਨੇ ਸਾਡੇ ਨਾਲ ਅੱਤਵਾਦੀਆਂ ਵਾਲਾ ਸਲੂਕ ਕੀਤਾ ਹੈ। ਸਾਨੂੰ ਬਖ਼ਤਰਬੰਦ ਗੱਡੀਆਂ ਵਿੱਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਹੱਕਾਂ ਦਾ ਕਤਲ ਕੀਤਾ ਗਿਆ ਹੈ।
ਨਾਰਾਜ਼ ਹੋਏ ਕਿਸਾਨ: ਇਸ ਦੌਰਾਨ ਬਖਤਰਬੰਦ ਗੱਡੀ ਦੇ ਅੰਦਰੋਂ ਹੀ ਕਿਸਾਨਾਂ ਨੇ ਆਪਣੀਆਂ ਵੀਡੀਓ ਬਣਾ ਕੇ ਵੱਖ-ਵੱਖ ਮੀਡੀਆ ਅਦਾਰਿਆਂ ਨੂੰ ਭੇਜੀਆਂ। ਕਿਸਾਨਾਂ ਨੇ ਪੰਜਾਬ ਸਰਕਾਰ 'ਤੇ ਕਥਿਤ ਦੋਸ਼ ਲਗਾਉਂਦਿਆਂ ਆਖਿਆ ਕਿ ਪੰਜਾਬ ਸਰਕਾਰ ਨੇ ਕਿਸਾਨੀ ਝੰਡੇ ਨੂੰ ਪੈਰਾਂ ਵਿੱਚ ਰੋਲ ਕੇ ਝੰਡੇ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਅਪੀਲ ਹੈ ਕਿ ਉਹ ਝਾੜੂ ਵਾਲਿਆਂ ਨੂੰ ਵੀ ਪਿੰਡਾਂ ਵਿੱਚ ਨਾ ਵੜ੍ਹਨ ਦੇਣ।