ਬਿਆਸ ਦਰਿਆ 'ਤੇ ਨਜਾਇਜ਼ ਉਸਾਰੀ ਮਾਮਲੇ 'ਚ ਇੱਕ ਮਹੀਨੇ ਅੰਦਰ ਹੋਵੇ ਡੇਰਾ ਬਿਆਸ ਮੁਖੀ ਖਿਲਾਫ ਕਾਰਵਾਈ ਅੰਮ੍ਰਿਤਸਰ: ਬਿਆਸ ਦੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋ ਵੱਲੋਂ ਬਿਆਸ ਦਰਿਆ ਦੇ ਵਿੱਚ ਨਜਾਇਜ਼ ਉਸਾਰੀ ਕਰਵਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਅਤੇ ਬਿਆਸ ਦਰਿਆ ਦੇ ਨਜ਼ਦੀਕ ਰਹਿਣ ਵਾਲੇ ਕਰੀਬ ਸੱਤ ਪਿੰਡਾਂ ਦੇ ਵਿੱਚੋਂ ਕਿਸਾਨ ਮੌਕੇ 'ਤੇ ਪਹੁੰਚੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੇਰਾ ਮੁਖੀ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਜਗ੍ਹਾ ਦਾ ਜਾਇਜ਼ਾ ਲੈਣ ਆਏ ਅਧਿਕਾਰੀਆਂ ਦੀ ਬਲਦੇਵ ਸਿੰਘ ਸਰਸਾ ਵੱਲੋਂ ਕਲਾਸ ਵੀ ਲਗਾਈ ਗਈ। ਉਹਨਾਂ ਕਿਹਾ ਕਿ ਇਹ ਪ੍ਰਸ਼ਾਸਨ ਨੂੰ ਦੋ ਸਾਲ ਤੋਂ ਸੁੱਤੇ ਰਹਿੰਦਿਆਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਬਲਦੇਵ ਸਿੰਘ ਸਰਸਾ ਦੇ ਨਾਲ ਸੱਤ ਪਿੰਡਾਂ ਦੇ ਲੋਕ ਵੀ ਇੱਥੇ ਪਹੁੰਚੇ ਹੋਏ ਸਨ ਅਤੇ ਉਹਨਾਂ ਵੱਲੋਂ ਵੀ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੂੰ ਕਈ ਸਵਾਲ ਕੀਤੇ ਗਏ।
ਦੱਸਣਯੋਗ ਹੈ ਕਿ ਪੰਜਾਬ ਦੇ ਸਭ ਤੋਂ ਬਹੁ ਚਰਚਿਤ ਡੇਰਾ ਬਿਆਸ ਕਈ ਵਾਰ ਵਿਵਾਦਾਂ ਦੇ ਵਿੱਚ ਨਜ਼ਰ ਆਉਂਦਾ ਰਿਹਾ ਹੈ,ਜੇਕਰ ਬੀਤੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਡੇਰਾ ਦੇ ਪੈਰੋਕਾਰਾਂ ਦੇ ਵਿੱਚ ਕਾਫੀ ਤਿੱਖੀ ਝੜਪ ਵੀ ਵੇਖਣ ਨੂੰ ਮਿਲੀ ਸੀ। ਉੱਥੇ ਹੀ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਵੱਲੋਂ ਮੁੱਖ ਤੌਰ 'ਤੇ ਸ਼ਿਰਕਤ ਕਰਦੇ ਹੋਏ ਡੇਰਾ ਮੁਖੀ ਦੇ ਖਿਲਾਫ ਵੱਡਾ ਮੋਰਚਾ ਖੋਲਣ ਦੀ ਗੱਲ ਵੀ ਕੀਤੀ।
ਜਾਨੋ ਮਾਰਨ ਦੀਆਂ ਧਮਕੀਆਂ:ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਨੇ ਕਿਹਾ ਕਿ ਲੰਮੇ ਚਿਰ ਤੋਂ ਉਹਨਾਂ ਵੱਲੋਂ ਇਸ ਉਸਾਰੀ ਨੂੰ ਲੈ ਕੇ ਘੋਲ ਮਿਥਿਆ ਹੋਇਆ ਹੈ ਅਤੇ ਹੁਣ ਇਸ ਘੋਲ ਦਾ ਨਤੀਜਾ ਸਾਹਮਣੇ ਆਉਣਾ ਸ਼ੁਰੂ ਹੋ ਚੁੱਕਾ ਹੈ ਉਤੇ ਹੀ ਉਹਨਾਂ ਨੇ ਗੁਰਿੰਦਰ ਸਿੰਘ ਢਿੱਲੋ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਪੈਰੋਕਾਰਾਂ ਵੱਲੋਂ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਹਨ। ਅੱਗੇ ਬੋਲਦੇ ਹੋਏ ਬਲਦੇਵ ਸਿੰਘ ਸਰਸਾ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਰਾਜਨੀਤਿਕ ਲੀਡਰਾਂ ਦੇ ਸ਼ਹਿ ਕਰਕੇ ਸਭ ਕੁਝ ਹੋ ਰਿਹਾ ਹੈ ਕਿਉਂਕਿ ਡੇਰਾ ਮੁਖੀ ਦੀ ਤਸਵੀਰ ਕਈ ਵੱਡੇ ਰਾਜਨੀਤਿਕ ਲੀਡਰਾਂ ਦੇ ਨਾਲ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਹੁਣ ਰਾਮ ਮੰਦਿਰ ਦੀ ਵਿਧੀਵਦ ਸ਼ੁਰੂਆਤ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਡੇਰਾ ਮੁਖੀ ਦੇ ਨਾਲ ਸਾਹਮਣੇ ਆਏ ਸੀ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿਇਸ ਦਾ ਹੀ ਫਾਇਦਾ ਡੇਰਾ ਮੁਖੀ ਅਤੇ ਲੀਡਰ ਚੁੱਕਦੇ ਹਨ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਤਾਂ ਰਾਮ ਰਹੀਮ ਨੂੰ ਖੁਦ ਜਮਾਨਤ 'ਤੇ ਬਾਹਰ ਲਿਆਂਦਾ ਗਿਆ ਸੀ ਅਤੇ ਉਸ ਨੂੰ ਚਾਹੀਦਾ ਸੀ ਕਿ ਰਾਮ ਮੰਦਿਰ ਦੇ ਦੌਰਾਨ ਉਸ ਦੀ ਤਸਵੀਰ ਵੀ ਇਸ ਦੇ ਨਾਲ ਸਾਂਝੀ ਹੋਵੇ। ਬਲਦੇਵ ਸਿੰਘ ਸਰਸਾ ਨੇ ਕਿਹਾ ਕਿ ਜੇਕਰ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਦਾ ਕੋਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਅਸੀਂ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ।
ਅਧਿਕਾਰੀਆਂ ਵੱਲੋਂ ਸਖਤ ਐਕਸ਼ਨ ਲੈਣ ਦੀ ਗੱਲ ਕੀਤੀ : ਉੱਥੇ ਹੀ ਦੂਸਰੇ ਪਾਸੇ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਵੱਲੋਂ ਇਸ ਉਸਾਰੀ ਨੂੰ ਲੈ ਕੇ ਸਖਤ ਐਕਸ਼ਨ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਡੇਰਾ ਮੁਖੀ ਦੇ ਖਿਲਾਫ ਰਿਪੋਰਟ ਵੀ ਦਾਇਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮਾਈਨਿੰਗ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਅਸੀਂ ਜਲਦ ਹੀ ਇਸ ਦੀ ਰਿਪੋਰਟ ਬਣਾ ਕੇ ਪ੍ਰਸ਼ਾਸਨ ਨੂੰ ਭੇਜਾਂਗੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਹੀ ਇਸ ਉੱਤੇ ਵੱਡਾ ਐਕਸ਼ਨ ਉਲੀਕ ਸਕਦੇ ਹਨ। ਉਥੇ ਹੀ ਦੂਸਰੇ ਪਾਸੇ ਬਲਦੇਵ ਸਿੰਘ ਸਰਸਾ ਹੋਣਾਂ ਵੱਲੋਂ ਲਗਾਏ ਗਏ ਧਰਨੇ ਦੇ ਦੌਰਾਨ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਵੱਲੋਂ ਮੰਗ ਪੱਤਰ ਲੈ ਕੇ ਦੇਸ਼ ਦੇ ਗ੍ਰਿਹ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹ ਪੱਤਰ ਦੇਣ ਦੀ ਗੱਲ ਕਹੀ ਗਈ ਹੈ। ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਦੀ ਮੰਗਾਂ ਜਲਦ ਹੀ ਸਰਕਾਰ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।