ਦੁਖੀ ਪਤੀਆਂ ਨੂੰ ਮੁਫਤ ਪਿਲਾਉਂਦਾ ਚਾਹ ! ਬਠਿੰਡਾ:ਮਾਡਲ ਟਾਊਨ ਪਾਸ਼ ਇਲਾਕੇ ਵਿੱਚ ਚਾਹ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਦੀ ਚਰਚਾ ਜ਼ੋਰਾ ਉੱਤੇ ਹੈ, ਕਿਉਂਕਿ ਉਹ ਪਤਨੀਆਂ ਤੋਂ ਦੁਖੀ ਬੰਦਿਆਂ ਨੂੰ ਚਾਹ ਪਿਲਾਉਂਦਾ, ਉਹ ਵੀ ਮੁਫ਼ਤ। ਇਸ ਨੌਜਵਾਨ ਵੱਲੋਂ ਆਪਣੀ ਫੂਡ ਬੈਨ 'ਤੇ ਕਈ ਤਰ੍ਹਾਂ ਦੀ ਸਪੈਸ਼ਲ ਚਾਹ ਬਣਾਈ ਜਾਂਦੀ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਘਰਵਾਲੀ ਤੋਂ ਦੁਖੀ ਬੰਦਿਆਂ ਨੂੰ ਮੁਫਤ ਚਾਹ ਪਿਲਾਉਣ ਦੀ ਫਲੈਕਸ ਸਭ ਨੂੰ ਆਕਰਸ਼ਿਤ ਕਰ ਰਹੀ ਹੈ।
ਵਿਦੇਸ਼ ਜਾਣ ਦਾ ਵਿਚਾਰ ਛੱਡਿਆ: ਫੂਡ ਵੈਨ ਚਲਾਉਣ ਵਾਲੇ ਨੌਜਵਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੈਨੇਡਾ ਵਿੱਚ ਪੀਆਰ ਹੈ ਅਤੇ ਉਸ ਵੱਲੋਂ ਹੋਈ ਸਪੌਂਸਰ ਕਰਕੇ ਉਸ ਨੂੰ ਵਿਦੇਸ਼ ਬੁਲਾਇਆ ਜਾ ਰਿਹਾ ਹੈ। ਵੀਜ਼ਾ ਆਉਣ ਦੇ ਬਾਵਜੂਦ ਉਹ ਵਿਦੇਸ਼ ਨਹੀਂ ਗਿਆ ਅਤੇ ਭਾਰਤ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਦਿੱਤੀ ਗਈ। ਪਰ, ਉਸ ਦੇ ਇਸ ਫੈਸਲੇ ਦਾ ਉਸ ਦੀ ਪਤਨੀ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਫੂਡ ਵੈਨ ਰਾਹੀਂ ਜਿੱਥੇ ਲੋਕਾਂ ਨੂੰ ਖਾਣ ਪੀਣ ਦਾ ਸਾਫ ਸੁਥਰਾ ਸਮਾਨ ਉਪਲਬਧ ਕਰਾਏਗਾ।
ਚਾਹ ਕਿਸਮਾਂ ਦੇ ਨਾਮ ਤੰਜ ਵਾਲੇ: ਉੱਥੇ ਹੀ ਉਹ ਦੁੱਖਾਂ ਤਕਲੀਫਾਂ ਨੂੰ ਘਟਾਉਣ ਲਈ ਵਿਸ਼ੇਸ਼ ਉਪਰਾਲਾ ਵੀ ਕਰ ਰਿਹਾ ਹੈ। ਇਸੇ ਲੜੀ ਤਹਿਤ ਉਸ ਵੱਲੋਂ ਆਪਣੀ ਫੂਡ ਬੈਨ ਦੇ ਬਾਹਰ ਜੋ ਫਲੈਕਸ ਲਗਾਈ ਗਈ ਹੈ, ਉਹ ਵੇਖਣਯੋਗ ਹੈ। ਉਸ ਨੇ ਘਰਵਾਲੀ ਤੋਂ ਦੁਖੀ ਲੋਕਾਂ ਨੂੰ ਮੁਫਤ ਚਾਹ ਪਿਆਉਣ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਵਿਸ਼ੇਸ਼ ਚਾਹ ਉੱਤੇ ਸਲੋਗਨ ਲਿਖੇ ਗਏ ਹਨ ਜਿਸ ਕਾਰਨ ਲੋਕ ਉਸ ਕੋਲ ਚਾਹ ਪੀਣ ਤਾਂ ਆਉਂਦੇ ਹਨ ਉੱਥੇ ਹੀ ਆਪਣੀ ਮਾਨਸਿਕ ਪਰੇਸ਼ਾਨੀ ਤੋਂ ਵੀ ਰਾਹਤ ਪਾਉਂਦੇ ਹਨ, ਕਿਉਂਕਿ ਇਹ ਅਕਸਰ ਉਨ੍ਹਾਂ ਨੂੰ ਕਾਫੀ ਹੱਦ ਤੱਕ ਮਾਨਸਿਕ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੀ ਹੈ, ਕਿਉੰਕਿ ਚਾਹ ਦੀਆਂ ਕਿਸਮਾਂ ਦੇ ਨਾਮ ਬੇਹਦ ਮਜ਼ਾਕੀਆਂ ਹਨ।
ਪਹਿਲਾਂ ਪਤਨੀ ਨੇ ਵਿਰੋਧ ਕੀਤਾ, ਫਿਰ ਮਿਲਿਆ ਸਾਥ : ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕੈਨੇਡਾ ਜਾਣ ਤੋਂ ਕੀਤੀ ਗਈ ਨਾ ਤੋਂ ਬਾਅਦ ਪਤਨੀ ਵੱਲੋਂ ਇਸ ਦਾ ਕਾਫੀ ਵਿਰੋਧ ਕੀਤਾ ਗਿਆ ਸੀ, ਪਰ ਅੱਜ ਚੰਗਾ ਕਾਰੋਬਾਰ ਚੱਲਣ ਤੋਂ ਬਾਅਦ ਪਤਨੀ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਫੂਡ ਵੈਨ ਵਿੱਚ ਤਿਆਰ ਕੀਤੀਆਂ ਵਸਤਾਂ ਜ਼ਿਆਦਾਤਰ ਉਸ ਦੀ ਪਤਨੀ ਵੱਲੋਂ ਘਰ ਤਿਆਰ ਕੀਤੀਆਂ ਜਾਂਦੀਆਂ ਹਨ, ਤਾਂ ਜੋ ਲੋਕਾਂ ਨੂੰ ਸਾਫ ਸੁਥਰਾ ਖਾਣਾ ਉਪਲਬਧ ਕਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੀ ਕਮੀ ਨਹੀਂ ਹੈ, ਬਸ ਨੌਜਵਾਨਾਂ ਨੂੰ ਵਿਦੇਸ਼ ਦਾ ਰੁੱਖ ਛੱਡ ਕੇ ਆਪਣੇ ਦੇਸ਼ ਵਿੱਚ ਕਾਰੋਬਾਰ ਕਰਨਾ ਚਾਹੀਦਾ ਹੈ। ਅੱਜ ਉਸ ਦੇ ਇਸ ਕਾਰੋਬਾਰ ਦੀ ਚਰਚਾ ਦੂਰ ਦੂਰ ਤੱਕ ਹੈ ਤੇ ਲੋਕ ਉਨਾਂ ਦੀ ਦੁਕਾਨ ਉੱਤੇ ਸੈਲਫੀਆਂ ਕਰਵਾਉਣ ਲਈ ਆਉਂਦੇ ਹਨ। ਕਈ ਤਰ੍ਹਾਂ ਦੀ ਵਿਸ਼ੇਸ਼ ਚਾਹ ਪੀ ਕੇ ਜਾਂਦੇ ਹਨ ਅਤੇ ਉਨਾਂ ਦੇ ਪਰਿਵਾਰ ਵੱਲੋਂ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।