ਜਲ੍ਹਿਆਂਵਾਲਾ ਬਾਗ 'ਚ ਸ਼ਹੀਦ ਹੋਏ ਪਰਿਵਾਰਾਂ ਦੇ ਜਖ਼ਮ ਹਰੇ ਅੰਮ੍ਰਿਤਸਰ:13 ਅਪ੍ਰੈਲ, 1919 ਵਿੱਚ ਜੱਲ੍ਹਿਆਂਵਾਲੇ ਬਾਗ਼ 'ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ। ਪਰ, ਉਹ ਪਰਿਵਾਰ ਜਿਨ੍ਹਾਂ ਦੇ ਆਪਣੇ ਇੱਥੇ ਅੰਗਰੇਜਾਂ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ ਸੀ, ਉਹ ਅੱਜ ਵੀ ਹੱਕ ਲੈਣ ਲਈ ਸਰਕਾਰਾਂ ਦੇ ਮੂੰਹ ਝਾਕਣ ਲਈ ਮਜਬੂਰ ਹੈ, ਪਰ ਸਰਕਾਰਾਂ ਵਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।
ਸ਼ਹੀਦਾਂ ਦੇ ਪਰਿਵਾਰਾਂ ਦੇ ਜਖ਼ਮ ਅੱਜ ਵੀ ਹਰੇ:ਉਹ ਕ੍ਰਾਂਤੀਕਾਰੀ ਜੋ ਕਿ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਅਸੀਂ ਇੱਥੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਉੱਥੇ ਹੀ, ਇੱਕ ਸ਼ਹੀਦ ਦੇ ਪੜਪੋਤੇ ਸੁਨੀਲ ਕਪੂਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਵੀ ਉਹ ਮੰਜ਼ਰ ਅੱਖਾਂ ਅੱਗੇ ਆਉਂਦਾ ਹੈ, ਤਾਂ ਰੂਹ ਕੰਬ ਜਾਂਦੀ ਹੈ, ਪਰ ਸਰਕਾਰਾਂ ਵੱਲੋਂ ਇਨ੍ਹਾਂ ਸ਼ਹੀਦ ਪਰਿਵਾਰਾਂ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਜਾਂ ਪੰਜਾਬ ਦੀ ਸਰਕਾਰ ਹੋਵੇ। ਦੋਵਾਂ ਵਲੋਂ ਸਿਰਫ ਵੋਟਾਂ ਬਟੋਰਨ ਲਈ ਜਲਿਆਂਵਾਲਾ ਬਾਗ ਨੂੰ ਅਖਾੜਾ ਬਣਾ ਲਿਆ ਗਿਆ ਹੈ।
ਆਪ ਸਰਕਾਰ ਦੀ ਅਸਲੀਅਤ ਵੀ ਆਈ ਸਾਹਮਣੇ:ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅੱਜ ਵੀ 1,015 ਹਜ਼ਾਰ ਤੋਂ ਉੱਤੇ ਪੈਨਸ਼ਨ ਦਿੰਦੀ ਹੈ, ਪਰ ਇੱਥੇ ਸਰਕਾਰ 1500-2000 ਤੋਂ ਵਧ ਪੈਨਸ਼ਨ ਨਹੀਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਂ 10 ਰੁਪਏ ਵੀ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਪੰਜਾਬ ਵਿੱਚ ਸਰਕਾਰਾਂ ਆਈਆਂ, ਚਾਹੇ ਅਕਾਲੀ ਦਲ, ਕਾਂਗਰਸ ਹੋਵੇ, ਕਿਸੇ ਨੇ ਸ਼ਹੀਦਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਹੁਣ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਵੋਟਾਂ ਤੋਂ ਪਹਿਲਾਂ ਕੁਝ ਕਹਿੰਦੀ ਸੀ, ਤੇ ਹੁਣ ਉਨ੍ਹਾਂ ਦੀ ਵੀ ਅਸਲੀਅਤ ਸਾਹਮਣੇ ਆ ਗਈ। ਸੁਨੀਲ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਜਾਂ ਨੌਕਰੀ ਤਾਂ ਦੂਰ ਦੀ ਗੱਲ,ਸਗੋਂ ਉਹ ਆਪਣੇ ਬਜ਼ੁਰਗਾਂ ਦੇ ਸਰਟੀਫਿਕੇਟ ਲੈਣ ਤੱਕ ਲਈ ਅਜੇ ਵੀ ਧੱਕੇ ਖਾ ਰਹੇ ਹਨ। ਕਈ ਸ਼ਹੀਦਾਂ ਦੇ ਪਰਿਵਾਰਾਂ ਨੇ ਤਾਂ ਹੁਣ ਸਰਕਾਰਾਂ ਤੋਂ ਉਮੀਦਾਂ ਹੀ ਛੱਡ ਦਿੱਤੀਆਂ ਹਨ।
13 ਅਪ੍ਰੈਲ 1919 ਵਿੱਚ ਕੀ ਹੋਇਆ? : ਜਲ੍ਹਿਆਂ ਵਾਲਾ ਬਾਗ ਸ਼ਬਦ ਸੁਣਦਿਆਂ ਹੀ ਉਨ੍ਹਾਂ ਬਹਾਦਰ ਸ਼ਹੀਦਾਂ ਦੀ ਯਾਦ ਵਿਚ ਸਿਰ ਝੁਕ ਜਾਂਦਾ ਹੈ, ਜਿਨ੍ਹਾਂ ਨੂੰ ਅੱਜ ਦੇ ਦਿਨ, 13 ਅਪ੍ਰੈਲ 1919 ਨੂੰ ਬ੍ਰਿਟਿਸ਼ ਜਨਰਲ ਡਾਇਰ ਦੇ ਹੁਕਮਾਂ 'ਤੇ ਇਸ ਬਾਗ ਵਿਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਇਹ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ, ਜਿਨ੍ਹਾਂ ਨੇ ਭਾਰਤ ਮਾਤਾ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ, ਪੰਜਾਬ ਰਾਜ ਵਿੱਚ ਸਥਿਤ ਹੈ। ਇਸ ਸਥਾਨ 'ਤੇ, 13 ਅਪ੍ਰੈਲ, 1919 ਨੂੰ, ਬ੍ਰਿਟਿਸ਼ ਫੌਜਾਂ ਨੇ ਭਾਰਤੀ ਪ੍ਰਦਰਸ਼ਨਕਾਰੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਾਰ ਦਿੱਤਾ। ਉਹ ਤਾਰੀਖ ਅਜੇ ਵੀ ਦੁਨੀਆ ਦੇ ਸਭ ਤੋਂ ਵੱਡੇ ਕਤਲੇਆਮ ਵਿੱਚੋਂ ਇੱਕ ਵਜੋਂ ਦਰਜ ਹੈ। ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਭਾਰਤ ਦੇ ਇਤਿਹਾਸ ਦੀ ਸਭ ਤੋਂ ਬੇ-ਰਹਿਮ ਵਾਲੀ ਘਟਨਾ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਭਾਰਤ ਦੇ 20 ਹਜ਼ਾਰ ਬਹਾਦਰ ਸ਼ਹੀਦਾਂ ਨੇ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਵਿੱਚ ਆਜ਼ਾਦੀ ਦਾ ਯੱਗ ਰਚਿਆ ਸੀ ਜਿਸ ਵਿੱਚ ਮਰਦ, ਔਰਤਾਂ ਤੇ ਬੱਚੇ ਤੱਕ ਵੀ ਸ਼ਾਮਲ ਸੀ।