ਚੰਡੀਗੜ੍ਹ :ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਜਿੱਥੇ ਪੱਬਾਂ ਭਾਰ ਹਨ ਉਥੇ ਹੀ ਦਲ ਬਦਲਣ ਦਾ ਦੌਰ ਵੀ ਜਾਰੀ ਹੈ। ਅੱਜ ਭਾਜਪਾ ਵਿੱਚ ਇੱਕ ਵੱਡੀ ਸ਼ਮੂਲੀਅਤ ਹੋਈ ਹੈ। ਜਿੰਨਾ ਵਿੱਚ ਅਕਾਲੀ ਦਲ ਦੇ ਵੱਡੇ ਨਾਮ ਜੁੜੇ ਹਨ। ਦਰਅਸਲ ਅੱਜ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਮਲੂਕਾ ਅਤੇ ਆਈਏਐਸ ਨੂੰਹ ਪਰਮਪਾਲ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਭਾਜਪਾ ਨੂੰ ਹੈ ਪੰਜਾਬ ਦੀ ਫਿਕਰ :ਇਸ ਮੌਕੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਕਿਹਾ ਕਿ 'ਮੈ ਪਹਿਲੀ ਵਾਰ ਸਿਆਸਤ ਵਿੱਚ ਕਦਮ ਰੱਖ ਰਹੀ ਹਾਂ ਮੈਂਨੂੰ ਭਾਜਪਾ ਤੋਂ ਵੱਧ ਕੋਈ ਪਾਰਟੀ ਨਹੀਂ ਲੱਗੀ।' ਉਹਨਾਂ ਕਿਹਾ ਕਿ ਪੰਜਾਬ ਦੀਆਂ ਪਾਰਟੀਆਂ ਦਾ ਹੁਣ ਕੋਈ ਭੱਵਿਖ ਨਹੀਂ ਰਿਹਾ,ਇਸ ਲਈ ਹੁਣ ਪੰਜਾਬ ਦੀ ਭਲਾਈ ਖਾਤਿਰ ਕੁੱਝ ਕਰਨ ਲਈ ਸਾਨੂੰ ਭਾਜਪਾ 'ਚ ਸ਼ਾਮਿਲ ਹੋਣਾ ਹੀ ਬੇਹਤਰ ਲੱਗਿਆ।
ਮਲੂਕਾ ਦੇ ਪੁੱਤਰ ਨੇ ਭਾਜਪਾ ਦਾ ਕੀਤਾ ਧੰਨਵਾਦ :ਭਾਜਪਾ 'ਚ ਸ਼ਾਮਿਲ ਹੁੰਦੇ ਹੀ ਗੁਰਪ੍ਰੀਤ ਮਲੂਕਾ ਨੇ ਪਾਰਟੀ ਦੇ ਗੁਣ ਗਾਉਂਦੇ ਹੋਏ ਕਿਹਾ ਕਿ ਜੋ ਪੰਜਾਬ ਲਈ ਭਲਾਈ ਦੀ ਇੱਛਾ ਦਾ ਦਰਦ ਭਾਜਪਾ 'ਚ ਹੈ ਉਹ ਕਿਸੇ ਵਿੱਚ ਨਹੀ ਦੇਖਿਆ।
ਕੁਝ ਦਿਨ ਪਹਿਲਾਂ ਹੀ ਅਹੁਦੇ ਤੋਂ ਦਿੱਤਾ ਸੀ ਅਸਤੀਫਾ : ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਕੁਝ ਅਸਤੀਫ਼ਾ ਦੇ ਦਿੱਤਾ ਸੀ। ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਉਮੀਦਵਾਰ ਹੋ ਸਕਦੀ ਹੈ। 2015 ਵਿੱਚ ਹੀ ਉਨ੍ਹਾਂ ਨੂੰ ਪੀਸੀਐਸ ਤੋਂ ਆਈਏਐਸ ਕੇਡਰ ਵਿੱਚ ਤਰੱਕੀ ਦਿੱਤੀ ਗਈ ਸੀ। ਉਹ ਪੰਜਾਬ 'ਚ ਕਈ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ।
ਸਿਕੰਦਰ ਸਿੰਘ ਮਲੂਕਾ ਦੇ ਭਾਜਪਾ 'ਚ ਸ਼ਾਮਿਲ ਹੋਣ ਦੀ ਸੀ ਚਰਚਾ : ਪ੍ਰਾਪਤ ਜਾਣਕਾਰੀ ਅਨੁਸਾਰ ਆਈਏਐਸ ਪਰਮਪਾਲ ਕੌਰ ਵੱਲੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਹੀ ਮਲੂਕਾ ਪਰਿਵਾਰ ਭਾਜਪਾ ਦੇ ਸੰਪਰਕ ਵਿੱਚ ਸੀ। ਭਾਜਪਾ ਪਿਛਲੇ ਕੁਝ ਸਮੇਂ ਤੋਂ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਖੁਦ ਭਾਜਪਾ 'ਚ ਸ਼ਾਮਲ ਨਹੀਂ ਹੋਏ। ਭਾਜਪਾ ਬਠਿੰਡਾ ਲੋਕ ਸਭਾ ਸੀਟ ਤੋਂ ਪਰਮਪਾਲ ਕੌਰ ਨੂੰ ਲੋਕ ਸਭਾ ਉਮੀਦਵਾਰ ਬਣਾ ਸਕਦੀ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਹੋਵੇਗਾ, ਜੋ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕ ਹਨ।
ਮਲੂਕਾ ਪਰਿਵਾਰ ਦੀਆਂ ਅਫਵਾਹਾਂ 'ਤੇ ਹਰਸਿਮਰਤ ਕੌਰ ਬਾਦਲ ਨੇ ਦਿਤੀ ਸੀ ਪ੍ਰਤੀਕ੍ਰਿਆ : ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਿੰਕਦਰ ਸਿੰਘ ਮਲੂਕਾ ਅਤੇ ਉਹਨਾਂ ਦੇ ਪਰਿਵਾਰ ਦੇ ਭਾਜਪਾ ਚ ਸ਼ਾਮਿਲ ਹੋਣ ਦੀਆਂ ਉੱਠ ਰਹੀਆਂ ਅਫਵਾਹਾਂ ਨੂੰ ਲੈਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਮਲੂਕਾ ਪਰਿਵਾਰ ਬਾਦਲ ਪਰਿਵਾਰ ਦੇ ਬੇਹੱਦ ਕਰੀਬ ਅਤੇ ਖਾਸ ਹੈ। ਉਹ ਪਾਰਟੀ ਛੱਡ ਕੇ ਕੀਤੇ ਵੀ ਨਹੀਂ ਜਾ ਰਹੇ। ਮਲੂਕਾ ਪਰਿਵਾਰ ਬਾਰੇ ਜੋ ਵੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਸ ਸਭ ਮਹਿਜ਼ ਅਫਵਾਹਾਂ ਹਨ। ਪਾਰਟੀ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ,ਪਰ ਅਜਿਹਾ ਨਹੀਂ ਹੋਵੇਗਾ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ। ਲੋਕਾਂ ਦਾ ਪਿਆਰ ਅਤੇ ਸਹਿਯੋਗ ਪਾਰਟੀ ਨੂੰ ਮਜਬੂਤ ਬਣਾਉਂਦਾ ਹੈ ਇਸ ਲਈ ਅਜਿਹੀਆਂ ਅਫਵਾਹਾਂ ਦਾ ਪਾਰਟੀ 'ਤੇ ਕੋਈ ਅਸਰ ਨਹੀਂ ਹੁੰਦਾ। ਪਰ ਅੱਜ ਇਹਨਾਂ ਅਫਵਾਹਾਂ ਦੇ ਸੱਚ ਹੋਣ ਤੋਂ ਬਾਅਦ ਬਾਦਲ ਪਰਿਵਾਰ ਨੂੰ ਅਤੇ ਅਕਾਲੀ ਦਲ ਨੂੰ ਧੱਕਾ ਜਰੂਰ ਲੱਗਾ ਹੈ।