ਰੂਪਨਗਰ : ਭਾਵੇਂ ਹੀ ਸੂਬਾ ਸਰਕਾਰ ਨੇ ਪੰਜਾਬ ਨੂੰ ਧਰਨਾ ਮੁਕਤ ਅਤੇ ਹਰ ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ ਪਰ ਬਾਵਜੂਦ ਇਸ ਦੇ ਵੱਖ-ਵੱਖ ਮਹਿਕਮਿਆਂ ਵੱਲੋਂ ਹਰ ਦਿਨ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਦੀ ਸੁਣਵਾਈ ਹੋ ਸਕੇ। ਇਸ ਹੀ ਤਹਿਤ ਈਟੀਟੀ ਟੈਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨ੍ਹਾਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਲਾਗੇ ਟੈਂਕੀ ਤੇ ਚੜ੍ਹੇ ਹੋਏ ਹਨ। ਜਿਸ ਦੇ ਵਿਰੋਧ ਵਿੱਚ ਸ਼ੁਕਰਵਾਰ ਨੂੰ ਸਵੇਰੇ 4 ਵਜੇ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਧਾਵਾ ਬੋਲ ਦਿੱਤਾ। ਇਸ ਉਪਰੰਤ ਸਿੱਖਿਆ ਮੰਤਰੀ ਦੇ ਘਰ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਰੋਸ ਕਰ ਰਹੇ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਅਸੀਂ ਪਿਛਲੇ 15 ਦਿਨਾਂ ਤੋਂ ਟੈਂਕੀ 'ਤੇ ਚੱੜ੍ਹ ਕੇ ਧਰਨਾ ਦੇ ਰਹੇ ਹਾਂ ਪਰ ਬਾਵਜੁਦ ਇਸ ਦੇ ਸਾਡੀ ਸੁਣਵਾਈ ਨਹੀਂ ਹੋ ਰਹੀ। ਸੁਬਾ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।
ਮੀਟਿੰਗ ਤੋਂ ਬਾਅਦ ਵੀ ਨਹੀਂ ਨਿਕਲਿਆ ਹਲ
ਇਥੇ ਦੱਸਣਯੋਗ ਹੈ ਕਿ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ ਬੰਟੀ ਕੰਬੋਜ ਪਰਮਪਾਲ ਫਾਜਿਲਕਾ ਅਤੇ ਪ੍ਰਗਟ ਸਿੰਘ ਸਮੇਤ ਹੋਰਨਾਂ ਦੀ 14 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਸਿੱਖਿਆ ਮੰਤਰੀ ਨੇ ਸਪੋਰਟਸ ਕੈਟਾਗਰੀ ਅਤੇ ਐਕਸ ਸਰਵਿਸਮੈਨ ਕੈਟਾਗਰੀ ਦੀਆਂ ਰਹਿੰਦੀਆਂ ਸਿਲੈਕਸ਼ਨ ਲਿਸਟਾਂ 16 ਅਕਤੂਬਰ ਨੂੰ ਜਾਰੀ ਕਰਨ ਅਤੇ 18 ਅਕਤੂਬਰ ਨੂੰ ਪੋਰਟਲ ਖੋਲਣ ਦਾ ਵਾਅਦਾ ਕੀਤਾ ਸੀ । ਪਰ 16 ਅਕਤੂਬਰ ਨੂੰ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ। ਅੱਜ ਪੋਰਟਲ ਖੋਲਣ ਸਬੰਧੀ ਵੀ ਕੋਈ ਅਪਡੇਟ ਵਿਭਾਗ ਨੇ ਜਾਰੀ ਨਹੀਂ ਕੀਤੀ ਹੈ। ਜਿਸ ਕਰਨ ਸਾਨੂੰ ਮਜਬੂਰਨ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਪਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ 29 ਸਤੰਬਰ 2024 ਤੋਂ ਪਿੰਡ ਗੰਭੀਰਪੁਰ ਵਿਖੇ ਰੋਸ ਧਰਨਾ ਲਗਾਤਾਰ ਜਾਰੀ ਹੈ ਜੋ ਅੱਜ 21ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਿਆ ਹੈ।