ਲੋਕ ਸਭਾ ਚੋਣਾਂ 2024 (etv bharat) ਮਾਨਸਾ: ਪੰਜਾਬ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਦੇ ਲਈ ਵੋਟਿੰਗ ਹੋ ਰਹੀ ਹੈ ਅਤੇ ਸਵੇਰੇ 7 ਵਜੇ ਤੋਂ ਹੀ ਵੋਟਰ ਗਰਮੀ ਨੂੰ ਦੇਖਦੇ ਹੋਏ ਵੋਟ ਪਾਉਣ ਦੇ ਲਈ ਮਤਦਾਨ ਕੇਂਦਰਾਂ ਉਤੇ ਪਹੁੰਚ ਰਹੇ ਹਨ। ਪੋਲਿੰਗ ਬੂਥਾਂ ਉਤੇ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਖੇਤਰ ਸਰਦੂਲਗੜ੍ਹ ਬੁਢਲਾਡਾ ਅਤੇ ਮਾਨਸਾ ਦੇ ਵਿੱਚ 5 ਲੱਖ 9359 ਵੋਟਰ ਆਪਣੇ ਮਤਦਾਨ ਦਾ ਪ੍ਰਯੋਗ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿੱਚ 645 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਅਤੇ 63 ਸੰਵੇਦਨਸ਼ੀਲ ਬੂਥ ਘੋਸ਼ਿਤ ਕੀਤੇ ਗਏ ਹਨ।
ਲੋਕ ਸਭਾ ਚੋਣਾਂ ਦੇ ਲਈ ਜਿੱਥੇ ਵੋਟਰਾਂ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉੱਥੇ ਹੀ ਬਠਿੰਡਾ ਤੋਂ ਮਜ਼ਦੂਰ ਮੁਕਤੀ ਮੋਰਚਾ ਦੇ ਉਮੀਦਵਾਰ ਭਗਵੰਤ ਸਿੰਘ ਸਮਾਓ ਨੇ ਆਪਣੇ ਪਰਿਵਾਰ ਦੇ ਨਾਲ ਸਕੂਟਰੀ ਉਤੇ ਪਹੁੰਚ ਕੇ ਵੋਟ ਪਾਈ।
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਮਤਦਾਨ ਕਰਨ ਦੀ ਅਪੀਲ ਕੀਤੀ ਹੈ, ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਰਜਵਾੜਾਸ਼ਾਹੀ ਲੋਕਾਂ ਨੂੰ ਮਾਤ ਦੇਣ ਦਾ ਹੈ, ਜੋ ਕਿ ਸਿਰਫ ਵੋਟਾਂ ਦੇ ਸਮੇਂ ਹੀ ਵੋਟਰਾਂ ਕੋਲ ਆ ਕੇ ਉਹਨਾਂ ਨਾਲ ਵਾਅਦੇ ਕਰਦੇ ਹਨ ਪਰ ਉਸ ਤੋਂ ਬਾਅਦ ਵੋਟਰਾਂ ਦੀ ਸਾਰ ਤੱਕ ਨਹੀਂ ਲੈਂਦੇ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ ਤਾਂ ਕਿ ਦੇਸ਼ ਦੀ ਸਰਕਾਰ ਚੁਣਨ ਦੇ ਵਿੱਚ ਅਹਿਮ ਯੋਗਦਾਨ ਪਾ ਸਕੇ।
ਉੱਥੇ ਹੀ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਆਪਣੇ ਪਿੰਡ ਬਣਾਂਵਾਲੀ ਵਿਖੇ ਆਪਣੀ ਵੋਟ ਦਾ ਪ੍ਰਯੋਗ ਕੀਤਾ ਗਿਆ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੋਲਿੰਗ ਬੂਥਾਂ ਉਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਸਰਕਾਰ ਚੁਣਨ ਦੇ ਲਈ ਹਰ ਵੋਟਰ ਦਾ ਅੱਜ ਫਰਜ਼ ਹੈ ਕਿ ਉਹ ਆਪਣੀ ਵੋਟ ਪਾ ਕੇ ਆਪਣੀ ਸਰਕਾਰ ਚੁਣਨ ਦੇ ਵਿੱਚ ਅਹਿਮ ਯੋਗਦਾਨ ਪਾਵੇ।