ਚੰਡੀਗੜ੍ਹ:ਲੋਕ ਸਭਾ ਚੋਣਾਂ ਦੇ ਨਤੀਜਿਆਂ ਲਈ ਗਿਣਤੀ ਚੱਲ ਰਹੀ ਹੈ ਤੇ ਜਲਦ ਹੀ ਸਾਰੇ ਪੱਤੇ ਖੁੱਲ੍ਹ ਜਾਣਗੇ। ਇਸ ਦੌਰਾਨ ਕਈ ਦਿੱਗਜ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਗੇ ਜਦਕਿ ਕੁਝ ਦੇ ਹੱਥ ਨਿਰਾਸ਼ਾ ਹੀ ਪਵੇਗੀ। ਇੰਨ੍ਹਾਂ ਨਤੀਜਿਆਂ ਦੇ ਚੱਲਦੇ ਪੰਜ ਅਜਿਹੇ ਵਿਧਾਨ ਸਭਾ ਹਲਕੇ ਹਨ, ਜਿਥੇ ਜ਼ਿਮਨੀ ਚੋਣ ਹੋਣਾ ਲੱਗਭਗ ਤੈਅ ਹੈ। ਆਖਿਰ ਉਹ ਕਿਹੜੇ ਪੰਜ ਹਲਕੇ ਹੋਣਗੇ, ਆਓ ਇੱਕ ਨਜ਼ਰ ਮਾਰਦੇ ਹਾਂ।
ਪੰਜ ਮੰਤਰੀਆਂ 'ਚ ਇੱਕ ਦੀ ਜਿੱਤ:ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਲੋਂ ਆਪਣੇ ਪੰਜ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਜਿਸ 'ਚ ਸੰਗਰਰ ਤੋਂ ਮੀਤ ਹੇਅਰ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਪਟਿਆਲਾ ਤੋਂ ਡਾ. ਬਲਬੀਰ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਤੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਦਾ ਨਾਮ ਸ਼ਾਮਲ ਹੈ। ਉਥੇ ਹੀ ਲੋਕ ਸਭਾ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਤੋਂ ਮੀਤ ਹੇਅਰ ਹੀ ਜਿੱਤ ਦਰਜ ਕਰ ਸਕੇ ਹਨ, ਜਦਕਿ ਬਾਕੀ ਚਾਰ ਮੰਤਰੀ ਆਪਣਾ ਰੰਗ ਨਹੀਂ ਦਿਖਾ ਸਕੇ। ਇਸ ਦੇ ਚੱਲਦੇ ਮੀਤ ਹੇਅਰ ਦੀ ਜਿੱਤ ਤੋਂ ਬਾਅਦ ਬਰਨਾਲਾ ਦੀ ਲੋਕ ਸਭਾ ਸੀਟ ਖਾਲੀ ਹੋਈ ਹੈ, ਜਿਥੇ ਹੁਣ ਦੁਆਰਾ ਜ਼ਿਮਨੀ ਚੋਣ ਹੋਵੇਗੀ।
ਚੱਬੇਵਾਲ ਵਿਧਾਨ ਸਭਾ ਹਲਕਾ ਖਾਲੀ: ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਹਲਕੇ ਚੱਬੇਵਾਲ ਦੀ ਵਿਧਾਨ ਸਭਾ ਸੀਟ ਵੀ ਖਾਲੀ ਹੋਈ ਹੈ, ਜਿਥੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਉਮੀਦਵਾਰੀ ਤੋਂ ਪਹਿਲਾਂ ਪਾਰਟੀ ਛੱਡਦੇ ਹੀ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਤੇ ਹੁਣ ਉਹ ਲੋਕ ਸਭਾ ਚੋਣਾਂ 'ਚ ਆਪਣੀ ਛਾਪ ਛੱਡ ਚੁੱਕੇ ਹਨ। ਇਸ ਦੇ ਚੱਲਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਦੁਆਰਾ ਜ਼ਿਮਨੀ ਚੋਣ ਹੋਵੇਗੀ ਤੇ ਵਿਧਾਇਕ ਚੁਣਿਆ ਜਾਵੇਗਾ।
ਜਲੰਧਰ ਪੱਛਮੀ 'ਚ ਹੋਵੇਗੀ ਜ਼ਿਮਨੀ ਚੋਣ: ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਜੋ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਪਾਰਟੀ ਛੱਡ ਕੇ ਭਾਜਪਾ 'ਚ ਚਲੇ ਗਏ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਪਿਛਲੇ ਦਿਨੀਂ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਗੱਲ ਆਖੀ ਸੀ ਪਰ ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਬੀਤੇ ਦਿਨੀਂ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਇਸ ਦੇ ਚੱਲਦੇ ਹੁਣ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੋ ਚੁੱਕੀ ਹੈ ਤੇ ਇਥੇ ਵੀ ਜ਼ਿਮਨੀ ਚੋਣ ਕਰਵਾਉਣੀ ਪਵੇਗੀ।
ਗਿੱਦੜਬਾਹਾ ਹਲਕਾ ਹੋਇਆ ਖਾਲੀ:ਉਥੇ ਹੀ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਪਾਰਟੀ ਨੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਮੈਦਾਨ 'ਚ ਉਤਾਰਿਆ ਸੀ, ਜਿਥੇ ਉਨ੍ਹਾਂ ਦੀ ਤੂਤੀ ਬੋਲੀ ਹੈ ਤੇ ਉਨ੍ਹਾਂ ਨੇ ਕਾਂਗਰਸ ਛੱਡ ਭਾਜਪਾ 'ਚ ਗਏ ਰਵਨੀਤ ਬਿੱਟੂ ਨੂੰ ਪਿੱਛੇ ਛੱਡਿਆ ਹੈ। ਇਸ ਦੇ ਚੱਲਦੇ ਹੁਣ ਗਿੱਦੜਬਾਹਾ ਦੀ ਸੀਟ ਵੀ ਖਾਲੀ ਹੋਵੇਗੀ ਤੇ ਉਥੇ ਵੀ ਸਰਕਾਰ ਨੂੰ ਦੁਆਰਾ ਜ਼ਿਮਨੀ ਚੋਣ ਕਰਵਾਉਣੀ ਪਵੇਗੀ।
ਡੇਰਾ ਬਾਬਾ ਨਾਨਕ 'ਚ ਜ਼ਿਮਨੀ ਚੋਣ: ਉਥੇ ਹੀ ਗੱਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਕੀਤੀ ਜਾਵੇਂ ਤਾਂ ਉਥੇ ਹੀ ਕਾਂਗਰਸ ਸਰਕਾਰ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਵਿਧਾਇਕ ਸਨ। ਜਿੰਨ੍ਹਾਂ ਨੂੰ ਪਾਰਟੀ ਨੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਮੈਦਾਨ 'ਚ ਉਤਾਰਿਆ। ਉਥੇ ਹੀ ਸੁਖਜਿੰਦਰ ਰੰਧਾਵਾ ਨੇ ਗੁਰਦਾਸਪੁਰ ਸੀਟ 'ਤੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਪਿੱਛੇ ਛੱਡਿਆ ਹੈ। ਇਸ ਦੇ ਚੱਲਦੇ ਡੇਰਾ ਬਾਬਾ ਨਾਨਕ ਦੀ ਸੀਟ ਖਾਲੀ ਹੁੰਦੀ ਹੈ ਤਾਂ ਉਥੇ ਵੀ ਮੁੜ ਤੋਂ ਜ਼ਿਮਨੀ ਚੋਣ ਕਰਵਾਉਣ ਦੀ ਲੋੜ ਹੈ।