ਅੰਮ੍ਰਿਤਸਰ :ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ 2024 ਦੀ ਚੋਣਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਪੰਜਾਬ ਵਿੱਚ ਪਹੁੰਚ ਰਹੇ ਹਨ ਅਤੇ ਉਹਨਾਂ ਦੀ ਆਮਦ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਛੋਟੇ ਲੀਡਰਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਚੋਣ ਇੰਚਾਰਜ ਆਰ ਕੇ ਮਿਸ਼ਰਾ ਵੱਲੋਂ ਵੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ 11 ਤਰੀਕ ਨੂੰ ਹੋਣ ਵਾਲੇ ਸੰਮੇਲਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਤੋਂ ਬਾਅਦ ਆਰ ਕੇ ਮਿਸ਼ਰਾ ਨੇ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਛੱਡਣ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਵੀ ਕਾਂਗਰਸ ਪਾਰਟੀ ਨਹੀਂ ਛੱਡਣਗੇ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਹੀ ਸਿਪਾਹੀ ਬਣ ਕੇ ਰਹਿਣਗੇ।
ਕਾਂਗਰਸ ਲੀਡਰਾਂ ਵਿੱਚ ਮੱਤਭੇਦ ਨਹੀਂ ਹੈ : ਉਹਨਾਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਲੀਡਰਾਂ ਦੇ ਵਿੱਚ ਮੱਤਭੇਦ ਨਹੀਂ ਹੈ ਅਤੇ ਨਾ ਹੀ ਇੱਕ ਦੂਸਰੇ ਉੱਪਰ ਉਹ ਨਿਸ਼ਾਨੇ ਸਾਧਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਹੈ ਅਤੇ ਇਸ ਕਰਕੇ ਛੋਟੀਆਂ ਮੋਟੀਆਂ ਗੱਲਾਂ ਹੋਈ ਜਾਂਦੀਆਂ ਹਨ। ਇਸ ਮੌਕੇ ਆਰ ਕੇ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਐਮਐਲਏ ਦੇ ਨਾਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪਰ ਜਿੰਨਾ ਪਿਆਰ ਇਸ ਮੀਟਿੰਗ ਵਿੱਚ ਉਹਨਾਂ ਨੂੰ ਮਿਲਿਆ ਹੈ ਕਿਸੇ ਜਗ੍ਹਾ 'ਤੇ ਨਹੀਂ ਮਿਲਿਆ।