ਬਰਨਾਲਾ:ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਰੇੜਕਾ ਜਾਰੀ ਹੈ। ਆਮ ਆਦਮੀ ਪਾਰਟੀ ਵਲੋਂ ਐਲਾਨੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਜੇ ਵੀ ਵਿਰੋਧ ਵਿੱਚ ਡਟੇ ਹੋਏ ਹਨ। ਟਿਕਟ ਦਾ ਵਿਰੋਧ ਕਰ ਰਹੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੂੰ ਮਨਾਉਣ ਦੀਆਂ ਆਪ ਵੱਲੋਂ ਸਾਰਾ ਦਿਨ ਕੋਸ਼ਿਸ਼ਾਂ ਰਹੀਆਂ ਜਾਰੀ ਹਨ। ਮੰਤਰੀ ਅਮਨ ਅਰੋੜਾ ਸਮੇਤ ਹੋਰ ਕਈ ਸੀਨੀਅਰ ਲੀਡਰ ਉਨ੍ਹਾਂ ਦੇ ਘਰ ਆਏ, ਪਰ ਦੇਰ ਸ਼ਾਮ ਤੱਕ ਗੁਰਦੀਪ ਬਾਠ ਟਿਕਟ ਬਦਲਣ ਦੀ ਮੰਗ 'ਤੇ ਅੜਿਆ ਰਿਹਾ। ਗੁਰਦੀਪ ਬਾਠ ਨੇ ਕਿਹਾ ਕਿ ਜੇਕਰ ਟਿਕਟ ਬਦਲ ਕੇ ਉਨ੍ਹਾਂ ਨੂੰ ਉਮੀਦਵਾਰ ਨਾ ਬਣਾਇਆ ਤਾਂ ਉਹ ਆਜ਼ਾਦ ਤੌਰ 'ਤੇ ਚੋਣ ਲੜਨਗੇ।
ਟਿਕਟ ਦਿਉ, ਨਹੀਂ ਤਾਂ ਲੜਾਂਗਾ ਆਜ਼ਾਦ ਚੋਣਾਂ (Etv Bharat (ਪੱਤਰਕਾਰ, ਬਰਨਾਲਾ)) 24 ਘੰਟੇ ਦਾ ਦਿੱਤਾ ਸਮਾਂ
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਬਰਨਾਲਾ ਵਿਧਾਨ ਸਭਾ ਚੋਣ ਲਈ ਉਮੀਦਵਾਰ ਬਦਲਣ ਲਈ ਆਮ ਆਦਮੀ ਪਾਰਟੀ ਨੂੰ 24 ਘੰਟੇ ਦਾ ਸਮਾਂ ਦਿੱਤਾ ਸੀ ਅਤੇ ਇਹ ਸਮਾਂ ਪੂਰਾ ਹੋ ਗਿਆ ਹੈ। ਜਿਸ ਤੋਂ ਬਾਅਦ ਮੇਰੇ ਵਲੋਂ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਕੋਲ ਪਾਰਟੀ ਦੇ ਮੰਤਰੀ ਅਤੇ ਹੋਰ ਲੀਡਰ ਆ ਰਹੇ ਹਨ। ਜਿਨ੍ਹਾਂ ਨੂੰ ਮੇਰੇ ਵੱਲੋਂ ਮੇਰੀ ਟਿਕਟ ਕੱਟਣ ਦਾ ਕਾਰਨ ਪੁੱਛਿਆ ਜਾ ਰਿਹਾ ਹੈ ਪਰ ਮੈਂ ਆਪਣੇ ਸਟੈਂਡ 'ਤੇ ਕਾਇਮ ਹਾਂ ਅਤੇ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾਂਗਾ।
ਮੀਤ ਹੇਅਰ ਦੀ ਵਿਗੜੀ ਸਿਹਤ ਲਈ ਵੀ ਤੰਦਰੁਸਤੀ ਦੀ ਮੰਗ
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਮੈਂ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਹਾਲੇ ਪਾਰਟੀ ਨਾਲ ਟਿਕਟ ਨੂੰ ਲੈ ਕੇ ਰਿਵਿਊ ਦੀ ਗੱਲ ਆਖਣ ਕਰਕੇ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਆਮ ਆਦਮੀ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਉਹ ਜ਼ਿਮਨੀ ਚੋਣ ਪੱਕਾ ਲੜਨਗੇ। ਇਸ ਲਈ ਚਾਹੇ ਉਨ੍ਹਾਂ ਨੂੰ ਆਜ਼ਾਦ ਤੌਰ 'ਤੇ ਖੜਾ ਹੋਣਾ ਪਵੇ ਪਰ ਉਹ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਨੇ ਮੀਤ ਹੇਅਰ ਦੀ ਵਿਗੜੀ ਸਿਹਤ ਲਈ ਵੀ ਤੰਦਰੁਸਤੀ ਦੀ ਮੰਗ ਕੀਤੀ। ਕਿਹਾ ਕਿ ਮੈਂ ਕਾਮਨਾ ਕਰਦਾ ਹਾਂ ਕਿ ਮੀਤ ਹੇਅਰ ਜਲਦ ਸਿਹਤਮੰਦ ਹੋ ਕੇ ਲੋਕਾਂ ਵਿੱਚ ਜਾਣ ਤਾਂ ਉਨ੍ਹਾਂ ਨੂੰ ਬਰਨਾਲਾ ਦੇ ਲੋਕ ਮੇਰੇ ਨਾਲ ਧੱਕੇਸ਼ਾਹੀ ਦਾ ਜਵਾਬ ਦੇਣਗੇ।
ਪਾਰਟੀ ਵਰਕਰਾਂ ਦੀ ਹੋਂਦ ਦੀ ਲੜਾਈ ਲੜਨ ਦਾ ਸੱਦਾ
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਅਤੇ ਪਾਰਟੀ ਦੇ ਵਰਕਰਾਂ ਦੇ ਸਿਰ 'ਤੇ ਚੋਣ ਲੜਾਂਗਾ। ਉਨ੍ਹਾਂ ਨੇ ਸਮੂਹ ਪੰਜਾਬ ਵਿੱਚ ਆਪ ਪਾਰਟੀ ਦੇ ਵਰਕਰਾਂ ਨੂੰ ਬਰਨਾਲਾ ਜ਼ਿਮਨੀ ਚੋਣ ਵਿੱਚ ਆ ਕੇ ਪਾਰਟੀ ਵਰਕਰਾਂ ਦੀ ਹੋਂਦ ਦੀ ਲੜਾਈ ਲੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸਨੂੰ ਉਮੀਦਵਾਰ ਨਾ ਬਣਾਇਆ ਗਿਆ ਤਾਂ ਉਹ ਪਾਰਟੀ ਤੋਂ ਵੀ ਅਸਤੀਫ਼ਾ ਦੇ ਦੇਣਗੇ ਅਤੇ ਚੋਣ ਪੱਕੇ ਤੌਰ 'ਤੇ ਲੜਾਂਗਾ। ਗੁਰਦੀਪ ਬਾਠ ਨੇ ਬਰਨਾਲਾ ਹਲਕੇ ਦੇ ਲੋਕਾਂ ਨੂੰ ਇਮਾਨਦਾਰ ਲੋਕਾਂ ਨਾਲ ਖੜਨ ਦਾ ਸੱਦਾ ਦਿੰਦਿਆਂ ਸਾਥ ਦੇਣ ਦੀ ਅਪੀਲ ਕੀਤੀ।