ਰੰਜਿਸ਼ ਦੇ ਚੱਲਦਿਆਂ ਮਾਰੀਆਂ ਗੋਲੀਆਂ (ETV BHARAT) ਬਠਿੰਡਾ:ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਨੂੰ ਵਿਰੋਧੀ ਧਿਰ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਪੁਲਿਸ ਫੋਰਸ ਲੈ ਕੇ ਪਿੰਡ ਕਲਿਆਣ ਸੁੱਖਾ ਪਹੁੰਚੇ। ਉਧਰ ਜ਼ਖ਼ਮੀ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਨੂੰ ਬਠਿੰਡਾ ਇਲਾਜ ਲਈ ਲਿਆਂਦਾ ਗਿਆ। ਜਿੱਥੋਂ ਡਾਕਟਰਾਂ ਵੱਲੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਹੈ।
ਰੰਜਿਸ਼ ਦੇ ਚੱਲਦੇ ਮਾਰੀਆਂ ਗੋਲੀਆਂ:ਇਸ ਸਬੰਧੀ ਗੱਲਬਾਤ ਦੌਰਾਨ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਪਹਿਲਾਂ ਕਤਲ ਹੋ ਗਿਆ ਸੀ ਅਤੇ ਉਨ੍ਹਾਂ ਉੱਪਰ ਵੀ ਗੋਲੀ ਚਲਾਈ ਗਈ ਸੀ। ਹੁਣ ਵਿਰੋਧੀ ਧਿਰ ਵੱਲੋਂ ਕੱਲ੍ਹ ਉਹਨਾਂ ਦੇ ਬੇਟੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਜਦੋਂ ਉਹ ਆਪਣੇ ਪਿੰਡ ਤੋਂ ਭਗਤਾ ਜਾ ਰਹੇ ਸਨ ਤਾਂ ਵਿਰੋਧੀ ਧਿਰ ਵੱਲੋਂ ਉਹਨਾਂ ਦੀ ਕਾਰ ਉੱਪਰ ਗੋਲੀ ਚਲਾ ਦਿੱਤੀ ਗਈ। ਜਦੋਂ ਉਨਾਂ ਵੱਲੋਂ ਕਾਰ ਵਿੱਚੋਂ ਉਤਰ ਕੇ ਗੱਲਬਾਤ ਕਰਨ ਲਈ ਕੋਸ਼ਿਸ਼ ਕੀਤੀ ਗਈ ਤਾਂ ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜੋ ਕਿ ਉਸ ਦੀ ਲੱਤ ਵਿੱਚ ਲੱਗੀਆਂ ਹਨ।
ਰਾਹ ਜਾਂਦੇ ਨੂੰ ਮਾਰੀਆਂ ਗੋਲੀਆਂ: ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਨੂੰ ਇਲਾਜ ਲਈ ਬਠਿੰਡਾ ਲੈ ਕੇ ਆਉਣ ਵਾਲੇ ਉਹਨਾਂ ਦੇ ਸਾਥੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੁਲਵਿੰਦਰ ਸਿੰਘ ਕਿੰਦਰਾ ਕਾਰ ਵਿੱਚ ਜਾ ਰਹੇ ਸਨ ਤਾਂ ਵਿਰੋਧੀ ਧਿਰ ਵੱਲੋਂ ਉਹਨਾਂ 'ਤੇ ਗੋਲੀ ਚਲਾਈ ਗਈ ਅਤੇ ਰਾੜਾਂ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਉਹਨਾਂ ਵੱਲੋਂ ਸਾਬਕਾ ਸਰਪੰਚ ਨੂੰ ਇਲਾਜ ਲਈ ਬਠਿੰਡਾ ਲਿਆਂਦਾ ਗਿਆ ਹੈ ਅਤੇ ਪੁਲਿਸ ਨੂੰ ਇਸ ਘਟਨਾਕ੍ਰਮ ਸਬੰਧੀ ਸੂਚਿਤ ਕੀਤਾ ਗਿਆ ਹੈ।
ਜ਼ਖ਼ਮੀ ਹਾਲਤ 'ਚ ਹਸਪਤਾਲ ਭਰਤੀ:ਉਧਰ ਦੂਸਰੇ ਪਾਸੇ ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾਕਟਰ ਲਵਪ੍ਰੀਤ ਨੇ ਕਿਹਾ ਕਿ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਨੂੰ ਇਲਾਜ ਲਈ ਉਹਨਾਂ ਪਾਸ ਲਿਆਂਦਾ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਲੱਗਦਾ ਹੈ ਕਿ ਉਹਨਾਂ ਨੂੰ ਗੋਲੀਆਂ ਵੱਜੀਆਂ ਹਨ। ਫਿਲਹਾਲ ਉਹਨਾਂ ਵੱਲੋਂ ਸਕੈਨ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਲਾਜ ਕੀਤਾ ਜਾ ਸਕੇ ਅਤੇ ਕਿੰਨੀਆਂ ਗੋਲੀਆਂ ਵੱਜੀਆਂ ਹਨ, ਇਸ ਦਾ ਪਤਾ ਲਗਾਇਆ ਜਾ ਸਕੇ। ਉਥੇ ਹੀ ਇਸ ਸਬੰਧੀ ਪੁਲਿਸ ਦਾ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ।