ਪੰਜਾਬ

punjab

ETV Bharat / state

ਫਾਂਸੀ ਤੋਂ ਬਚ ਕੇ 9 ਸਾਲ ਬਾਅਦ ਦੁਬਈ ਤੋਂ ਵਾਪਿਸ ਘਰ ਪਰਤਿਆ ਨੌਜਵਾਨ; ਰੋ-ਰੋ ਕੇ ਸੁਣਾਈ ਹੱਡਬੀਤੀ, ਹੋਰ ਨੌਜਵਾਨਾਂ ਨੂੰ ਇਹ ਅਪੀਲ - Punjabi Youth In Dubai - PUNJABI YOUTH IN DUBAI

Punjabi Youth In Dubai: ਅੱਖਾਂ ਵਿੱਚ ਆਪਣੇ ਸੁਨਹਿਰੇ ਭੱਵਿਖ ਦੇ ਸੁਪਨੇ ਸਜਾ ਕੇ ਦੁਬਈ ਦੇ ਜਹਾਜ਼ ਬੈਠਾ ਲੁਧਿਆਣਾ ਦਾ ਨੌਜਵਾਨ ਆਖਰ 9 ਸਾਲ ਬਾਅਦ ਦਰਦ ਲੈ ਕੇ ਵਾਪਸ ਪੰਜਾਬ ਪਰਤਿਆ ਹੈ। ਮੌਤ ਦੇ ਮੂੰਹ ਤੋਂ ਬੱਚ ਕੇ ਵਾਪਸ ਪਰਤੇ ਨੌਜਵਾਨ ਨੇ ਦੁਬਈ ਵੀ ਆਪਣੀ ਨਾਲ ਵਾਪਰੀ ਹੱਡਬੀਤੀ ਮੀਡੀਆਂ ਸਾਹਮਣੇ ਦੱਸੀ ਤੇ ਸੁਣੋ ਹੋਰ ਨੌਜਵਾਨਾਂ ਨੂੰ ਕੀ ਅਪੀਲ ਕੀਤੀ, ਪੜ੍ਹੋ ਪੂਰੀ ਖ਼ਬਰ।

Sukhveer also returned to his homeland
ਲੁਧਿਆਣਾ ਜ਼ਿਲ੍ਹੇ ਦਾ ਨੌਜਵਾਨ 9 ਸਾਲਾਂ ਬਾਅਦ ਦੁਬਈ ਤੋਂ ਆਇਆ ਵਾਪਿਸ (ETV Bharat Amritsar)

By ETV Bharat Punjabi Team

Published : Jun 17, 2024, 12:36 PM IST

Updated : Jun 17, 2024, 12:55 PM IST

ਲੁਧਿਆਣਾ ਜ਼ਿਲ੍ਹੇ ਦਾ ਨੌਜਵਾਨ 9 ਸਾਲਾਂ ਬਾਅਦ ਦੁਬਈ ਤੋਂ ਆਇਆ ਵਾਪਿਸ (ETV Bharat Amritsar)

ਅੰਮ੍ਰਿਤਸਰ:ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦੁਬਈ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਹੋਣ ਉਪਰੰਤ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਪੁੱਤਰ ਲਛਮਣ ਸਿੰਘ ਵੀ ਵਤਨ ਪਰਤ ਆਇਆ ਹੈ। ਮੌਤ ਦੇ ਮੂੰਹ ਤੋਂ ਬਚ ਕੇ ਆਏ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤ ਸੁਖਵੀਰ ਅਤੇ ਉਸਦੀ ਬਜ਼ੁਰਗ ਮਾਂ ਦੇ 9 ਸਾਲਾਂ ਬਾਅਦ ਹਵਾਈ ਅੱਡੇ ਤੇ ਹੋਏ ਮਿਲਾਪ ਦੌਰਾਨ ਜਦੋਂ ਦੋਵੇਂ ਮਾਂ-ਪੁੱਤ ਰੋਂਦਿਆਂ ਇੱਕ-ਦੂਜੇ ਨੂੰ ਗਲ਼ ਲੱਗ ਕੇ ਮਿਲੇ ਤਾਂ ਇੱਕ ਵਾਰ ਇੰਝ ਮਹਿਸੂਸ ਹੋਇਆ ਜਿਵੇਂ ਵਕਤ ਰੁਕ ਗਿਆ ਹੋਵੇ।

ਨੌਜਵਾਨਾਂ ਨੂੰ 25-25 ਸਾਲ ਦੀ ਸਜ਼ਾ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2018 ਦੁਬਈ ਵਿਖੇ ਤਿੰਨ ਪੰਜਾਬੀ ਨੌਜਵਾਨ ਜਿਨ੍ਹਾਂ 'ਚ ਸੁਖਵੀਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਤਿੰਦਰ ਕੁਮਾਰ ਪੁੱਤਰ ਜਸਵੀਰ ਕੁਮਾਰ ਵਾਸੀ ਬੰਗਾ, ਸੁਡਾਨ ਦੇਸ਼ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫੜੇ ਗਏ ਸਨ। ਦਾਲਤ ਵੱਲੋਂ ਉਕਤ ਤਿੰਨਾਂ ਨੌਜਵਾਨਾਂ ਨੂੰ 25-25 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਜ਼ਾ ਉਪਰੰਤ ਉਪਰੋਕਤ ਨੌਜਵਾਨਾਂ ਵੱਲੋਂ ਕੀਤੀ ਗਈ ਅਪੀਲ 'ਤੇ ਅਦਾਲਤ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਇਨ੍ਹਾਂ ਦੀ 25-25 ਸਾਲ ਵਾਲੀ ਸਜ਼ਾ ਨੂੰ ਫਾਂਸੀ ਵਿੱਚ ਤਬਦੀਲ ਕਰ ਦਿੱਤਾ। ਜਿਸ ਉਪਰੰਤ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਮਦਦ ਕਰਨ ਦੀ ਅਪੀਲ ਕੀਤੀ ਸੀ।

ਸੁਖਵੀਰ ਦੀ ਵੀ ਅੱਜ ਵਤਨ ਵਾਪਸੀ:ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਰਿਵਾਰਾਂ ਨਾਲ ਮਿਲ ਕੇ ਸੁਡਾਨ ਨਾਲ ਸੰਬੰਧਿਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਸਫ਼ਲਤਾ ਨਹੀਂ ਮਿਲੀ। ਜਿਸ ਕਾਰਨ ਸਭ ਨੇ ਇਸ ਕੇਸ ਦੇ ਹੱਲ ਹੋਣ ਦੀ ਆਸ ਛੱਡ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪਰ ਕੁਦਰਤ ਨੇ ਅਜਿਹਾ ਕਰਿਸ਼ਮਾ ਕੀਤਾ ਕਿ ਉਨ੍ਹਾਂ ਦੀ ਸਲਾਹ ਮੁਤਾਬਿਕ ਈਦ ਮੌਕੇ ਪਰਿਵਾਰ ਵੱਲੋਂ ਮੁੜ ਕੀਤੀ ਗਈ ਰਹਿਮ ਦੀ ਅਪੀਲ 'ਤੇ ਅਦਾਲਤ ਵੱਲੋਂ ਉਕਤ ਤਿੰਨੇ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇੱਕ ਅਜਿਹਾ ਵਿਸ਼ੇਸ਼ ਕੇਸ ਸੀ, ਜਿਸ ਵਿੱਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਬਲੱਡ ਮਨੀ ਨਹੀਂ ਦਿੱਤੀ ਗਈ। ਉਨ੍ਹਾਂ ਅਨੁਸਾਰ ਇਸ ਕੇਸ ਨਾਲ ਸੰਬੰਧਿਤ ਦੋ ਨੌਜਵਾਨ ਪਹਿਲਾਂ ਹੀ ਆਪਣੇ ਘਰ ਪਹੁੰਚ ਚੁੱਕੇ ਹਨ, ਜਦਕਿ ਸੁਖਵੀਰ ਦੀ ਵੀ ਅੱਜ ਵਤਨ ਵਾਪਸੀ ਹੋ ਗਈ ਹੈ। ਇਹ ਵੀ ਦੱਸਿਆ ਕਿ ਇਸ ਕੇਸ ਵਿੱਚ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਤੋਂ ਇਲਾਵਾ ਹਰ ਪੱਖ ਤੋਂ ਸਹਿਯੋਗ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਵਤਨ ਪਹੁੰਚੇ ਸੁਖਵੀਰ ਦੀ ਹਵਾਈ ਟਿਕਟ ਵੀ ਉਸਦੇ ਪਰਿਵਾਰ ਦੀ ਮੰਗ 'ਤੇ ਉਨ੍ਹਾਂ ਨੇ ਹੀ ਖ੍ਰੀਦ ਕੇ ਦਿੱਤੀ ਹੈ।

ਖੁਸ਼ੀ ਭਰੇ ਹੰਝੂ: ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਆਪਣੇ ਪੁੱਤ ਨੂੰ ਲੈਣ ਪੁੱਜੀ ਉਸ ਦੀ ਬਜ਼ੁਰਗ ਮਾਂ ਕੁਲਦੀਪ ਕੌਰ, ਭੂਆ ਜਸਵੰਤ ਕੌਰ, ਫੁੱਫੜ ਹਰਜਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਅਤੇ ਸਿਮਰਦੀਪ ਸਿੰਘ ਨੇ ਖੁਸ਼ੀ ਭਰੇ ਹੰਝੂਆਂ ਨਾਲ ਜਿੱਥੇ ਸੁਖਵੀਰ ਦਾ ਸਵਾਗਤ ਕੀਤਾ ਉੱਥੇ ਹੀ ਉਨ੍ਹਾਂ ਡਾ.ਐਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਲਈ ਡਾ. ਓਬਰਾਏ ਕਿਸੇ ਰੱਬ ਦੇ ਫਰਿਸ਼ਤੇ ਤੋਂ ਘੱਟ ਨਹੀਂ ਹਨ। ਸੁਖਬੀਰ ਦੀ ਮਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਓਬਰਾਏ ਨੇ ਮੇਰੇ ਪੁੱਤ ਨੂੰ ਮੌਤ ਦੇ ਮੂੰਹੋਂ ਕੱਢ ਮੇਰੀ ਝੋਲੀ ਪਾਇਆ ਹੈ, ਰੱਬ ਮੇਰੀ ਉਮਰ ਵੀ ਉਸਨੂੰ ਲਾ ਦੇਵੇ।

ਮੁਲਕਾਂ ਵਿੱਚ ਫਸੇ ਸੈਂਕੜੇ ਲੋਕਾਂ ਲਈ ਰੱਬ ਦਾ ਰੂਪ: ਫਾਂਸੀ ਦੀ ਸਜ਼ਾ ਤੋਂ ਬਚ ਕੇ ਆਏ ਸੁਖਵੀਰ ਨੇ ਰੋਂਦਿਆਂ ਦੱਸਿਆ ਕਿ ਉਹ 2015 'ਚ ਰੁਜ਼ਗਾਰ ਲਈ ਦੁਬਈ ਗਿਆ ਸੀ ਕਿ 2018 ਵਿੱਚ ਉਹ ਇੱਕ ਕਤਲ ਦੇ ਕੇਸ ਵਿੱਚ ਫਸ ਗਏ। ਉਸ ਅਨੁਸਾਰ ਉਹ ਬੇਕਸੂਰ ਸਨ ਅਤੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਲੱਗਾ ਕਿ ਉਨ੍ਹਾਂ ਨਾਲ ਇਹ ਸਭ ਕੁਝ ਕਿਵੇਂ ਵਾਪਰ ਗਿਆ। ਉਸ ਨੇ ਕਿਹਾ ਕਿ ਡਾ. ਓਬਰਾਏ ਦਾ ਅਸੀਂ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਉਹ ਖਾੜੀ ਮੁਲਕਾਂ ਵਿੱਚ ਫਸੇ ਸੈਂਕੜੇ ਲੋਕਾਂ ਲਈ ਰੱਬ ਦਾ ਰੂਪ ਹੀ ਹਨ।

ਸਿਆਸੀ ਹੱਦਬੰਦੀਆਂ ਤੋਂ ਉੱਤੇ : ਇਸ ਮੌਕੇ 'ਤੇ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਸਿਆਸੀ ਹੱਦਬੰਦੀਆਂ ਤੋਂ ਉੱਤੇ ਉੱਠ ਕੇ ਬਿਨਾਂ ਕਿਸੇ ਸਵਾਰਥ ਤੋਂ ਬੱਚਿਆਂ ਦੀ ਜ਼ਿੰਦਗੀਆਂ ਬਚਾਉਣ ਵਾਲੇ ਫਰਿਸ਼ਤੇ ਡਾ. ਓਬਰਾਏ ਦੀ ਬਦੌਲਤ ਸਾਲ 2010 ਤੋਂ ਲੈ ਕੇ ਹੁਣ ਤੱਕ ਲਗਭਗ 145 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਓਬਰਾਏ ਵੱਲੋਂ ਸੁਖਵੀਰ ਲਈ ਪੰਜਾਬ ਅੰਦਰ ਹੀ ਰੁਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

Last Updated : Jun 17, 2024, 12:55 PM IST

ABOUT THE AUTHOR

...view details