ਡਰੋਨ ਦੀ ਦਸਤਕ (ETV BHARAT + Canva) ਅੰਮ੍ਰਿਤਸਰ: ਇੱਕ ਪਾਸੇ ਜਿਥੇ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਸਰਹੱਦ ਦੇ ਨਾਲ-ਨਾਲ ਕਈ ਵਾਰ ਡਰੋਨ ਦੀ ਨਾਪਾਕਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਥੇ ਹੀ ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਬੀਤੀ ਦੇਰ ਰਾਤ ਡਰੋਨ ਦੀ ਮੂਵਮੈਂਟ ਨੂੰ ਦੇਖਿਆ ਗਿਆ। ਜਿਸ ਕਾਰਨ ਕਈ ਫਲਾਈਟਾਂ ਕਰੀਬ ਤਿੰਨ ਘੰਟੇ ਦੀ ਦੇਰੀ ਨਾਲ ਉਡੀਆਂ। ਹਵਾਈ ਅੱਡੇ 'ਤੇ ਸਾਢੇ ਤਿੰਨ ਘੰਟੇ ਲਈ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਏਅਰਪੋਰਟ 'ਤੇ ਡਰੋਨ ਗਤੀਵਿਧੀ ਦੇਖੀ ਗਈ ਹੋਵੇ। ਏਅਰਪੋਰਟ ਅਥਾਰਟੀ ਮੁਤਾਬਿਕ ਰਾਤ 10 ਤੋਂ 11 ਵਜੇ ਤੱਕ ਡਰੋਨ ਦੀ ਹਲਚਲ ਦੇਖੀ ਗਈ। ਇਸ ਦੌਰਾਨ ਕਦੇ ਡਰੋਨ ਦਿਖਾਈ ਦਿੰਦੇ ਸਨ ਅਤੇ ਕਦੇ ਗਾਇਬ ਹੋ ਜਾਂਦੇ ਸਨ। ਕਰੀਬ ਦੇਰਾ ਰਾਤ 1 ਵਜੇ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋ ਹੋਈਆਂ।
ਅੰਮ੍ਰਿਤਸਰ ਏਅਰਪੋਰਟ 'ਤੇ ਡਰੋਨ ਮੂਵਮੈਂਟ: ਜਾਣਕਾਰੀ ਅਨੁਸਾਰ ਇਸ ਦੌਰਾਨ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ 20 ਮਿੰਟ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਪਰਤ ਆਈ। ਇਸ ਤੋਂ ਬਾਅਦ ਮੰਗਲਵਾਰ ਸਵੇਰੇ 4 ਵਜੇ ਫਲਾਈਟ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈ। ਇਸ ਦੇ ਨਾਲ ਹੀ ਇੰਡੀਗੋ ਦੀ ਪੁਣੇ, ਦਿੱਲੀ, ਏਅਰ ਏਸ਼ੀਆ ਅਤੇ ਬਾਟਿਕ ਏਅਰ ਦੀ ਕੁਆਲਾਲੰਪੁਰ ਦੀਆਂ ਉਡਾਣਾਂ ਲੇਟ ਹੋਈਆਂ। ਸੂਤਰਾਂ ਮੁਤਾਬਕ 3 ਡਰੋਨ ਉੱਡਦੇ ਦੇਖੇ ਗਏ। ਇਨ੍ਹਾਂ ਵਿੱਚੋਂ ਦੋ ਡਰੋਨ ਰਾਜਾਸਾਂਸੀ ਵਾਲੇ ਪਾਸੇ ਹਵਾਈ ਅੱਡੇ ਦੀ ਹੱਦ ਨੇੜੇ ਅਤੇ ਟਰਮੀਨਲ ਦੇ ਪਿਛਲੇ ਪਾਸੇ ਦੇਖੇ ਗਏ। ਜਦੋਂ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੇ ਅੱਗੇ ਜਾਣਕਾਰੀ ਦਿੱਤੀ ਤਾਂ ਸੁਰੱਖਿਆ ਕਾਰਨਾਂ ਕਰਕੇ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ।
ਤਿੰਨ ਘੰਟੇ ਦੇਰੀ ਨਾਲ ਉੱਡੀਆਂ ਫਲਾਈਟਾਂ: ਇਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਬਾਕੀ ਉਡਾਣਾਂ ਦੇਰ ਰਾਤ ਕਰੀਬ 1 ਵਜੇ ਤੋਂ ਬਾਅਦ ਹੀ ਰਵਾਨਾ ਹੋਈ। ਪੁਲਿਸ ਅਤੇ ਏਜੰਸੀਆਂ ਨੇ ਰਾਤ ਸਮੇਂ ਏਅਰਪੋਰਟ ਦੇ ਅੰਦਰ ਅਤੇ ਬਾਹਰ ਤਲਾਸ਼ੀ ਲਈ। ਮੰਗਲਵਾਰ ਸਵੇਰੇ ਵੀ ਦੋ ਵਾਰ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਕੋਈ ਡਰੋਨ ਬਰਾਮਦ ਨਹੀਂ ਹੋਇਆ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਜਨਮ ਅਸ਼ਟਮੀ ਹੋਣ ਕਾਰਨ ਡਰੋਨ ਉਡਾਏ ਹੋ ਸਕਦੇ ਹਨ। ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਜੇਕਰ ਅਜਿਹਾ ਕੁਝ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਏਸੀਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਡਰੋਨ ਦੀ ਹਲਚਲ ਤੋਂ ਬਾਅਦ ਉਹਨਾਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਜਨਮਸਟਮੀ ਮੌਕੇ ਕਿਸੇ ਵੱਲੋਂ ਕੋਈ ਗੁਬਾਰਾ ਜਾਂ ਡਰੋਨ ਉਡਾਇਆ ਗਿਆ ਹੋਵੇ ਪਰ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਡਰੋਨ ਦੀ ਮੂਵਮੈਂਟ ਸਾਹਮਣੇ ਨਹੀਂ ਆਈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਆਲੇ ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਲਰਟ ਜਾਰੀ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਜੇਕਰ ਕਿਸੇ ਨੇ ਸੱਚਮੁੱਚ ਏਅਰਪੋਰਟ ਦੇ ਆਲੇ-ਦੁਆਲੇ ਡਰੋਨ ਉਡਾਇਆ ਹੈ, ਤਾਂ ਉਸ ਨੂੰ ਸਜ਼ਾ ਹੋ ਸਕਦੀ ਹੈ।
ਏਅਰਪੋਰਟ ਨੇੜੇ ਡਰੋਨ ਲਈ ਇਹ ਨਿਯਮ:ਜੇਕਰ ਕੋਈ ਵਿਅਕਤੀ ਬਿਨਾਂ ਇਜਾਜ਼ਤ ਦੇ ਡਰੋਨ ਉਡਾਉਂਦਾ ਹੈ ਤਾਂ ਏਅਰਕ੍ਰਾਫਟ ਐਕਟ ਦੀ ਧਾਰਾ 9 ਜਾਂ 10 ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਕਿਸੇ ਵੀ ਹਵਾਈ ਅੱਡੇ ਤੋਂ 4 ਕਿਲੋਮੀਟਰ ਦੇ ਅੰਦਰ ਡਰੋਨ ਨਹੀਂ ਉਡਾਏ ਜਾ ਸਕਦੇ ਹਨ। ਇਸ ਦੇ ਨਾਲ ਹੀ 20 ਕਿਲੋਮੀਟਰ ਦੇ ਖੇਤਰ ਵਿੱਚ ਇਮਾਰਤ ਦੀ ਉਚਾਈ ਬਾਰੇ ਏਅਰਪੋਰਟ ਅਥਾਰਟੀ ਤੋਂ ਐਨਓਸੀ ਲੈਣੀ ਪੈਂਦੀ ਹੈ। ਬਿਨਾਂ ਇਜਾਜ਼ਤ ਡਰੋਨ ਉਡਾਉਣ 'ਤੇ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ। ਜੇਕਰ ਡਰੋਨ ਜਹਾਜ਼ ਦੇ ਇੰਜਣ ਨਾਲ ਟਕਰਾ ਜਾਂਦਾ ਹੈ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਹਵਾਈ ਅੱਡਿਆਂ ਵਰਗੇ ਖੇਤਰਾਂ ਵਿੱਚ ਸਿਗਨਲ ਜੈਮਰ ਲਗਾਏ ਜਾਂਦੇ ਹਨ ਤਾਂ ਜੋ ਰਿਮੋਟ ਅਤੇ ਡਰੋਨ ਵਿਚਕਾਰ ਸੰਪਰਕ ਟੁੱਟ ਜਾਵੇ।
ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ:-
- 3 ਮਾਰਚ 2023:ਗਯਾ ਪ੍ਰਸ਼ਾਸਨ ਨੂੰ ਪੱਤਰ ਪ੍ਰਾਪਤ ਹੋਇਆ। ਲਿਖਿਆ ਸੀ ਕਿ ਏਅਰਪੋਰਟ ਨੂੰ ਡਰੋਨ ਨਾਲ ਉਡਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗਯਾ ਹਵਾਈ ਅੱਡੇ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
- 29 ਸਤੰਬਰ 2023:ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਹਵਾਈ ਅੱਡੇ 'ਤੇ ਅਚਾਨਕ ਇੱਕ ਡਰੋਨ ਦੋ ਜਹਾਜ਼ਾਂ ਵਿਚਕਾਰ ਉੱਡਣ ਲੱਗਾ।
- 19 ਨਵੰਬਰ 2023:ਮਣੀਪੁਰ ਵਿੱਚ ਰਨਵੇ ਦੇ ਨੇੜੇ ਡਰੋਨ ਦੀ ਸੂਚਨਾ ਮਿਲੀ। ਇੰਫਾਲ ਹਵਾਈ ਅੱਡੇ 'ਤੇ ਤਿੰਨ ਉਡਾਣਾਂ ਤਿੰਨ ਘੰਟੇ ਰੁਕੀਆਂ ਰਹੀਆਂ। ਦੋ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ।