ਅੰਮ੍ਰਿਤਸਰ: ਬੱਚੇ ਦੀ ਰੁੱਚੀ ਜਿਸ ਵੀ ਕੋਰਸ ਵਿੱਚ ਉਹ ਉਸ ਨੂੰ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਟੈਲੰਟ ਨੂੰ ਨਿਖਾਰ ਕੇ ਕੋਈ ਰਿਕਾਰਡ ਬਣਾ ਸਕਣ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, 12 ਸਾਲਾ ਤਰੰਨੁਮ ਬਜਾਜ ਨੇ, ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਤਰੰਨੁਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਸ਼ੁਰੂ ਤੋਂ ਹੀ ਡਾਂਸ ਦੇ ਨੇਲ ਆਰਟ ਵਿੱਚ ਰੁਝਾਨ ਰਿਹਾ ਹੈ। ਪੜਾਈ ਵਿੱਚ ਹੁਸ਼ਿਆਰ ਹੈ। ਅੱਜ ਉਹ ਭਾਰਤ ਦੀ ਸਭ ਤੋਂ ਛੋਟੀ ਨੇਲ ਆਰਟਿਸਟ ਬਣ ਗਈ ਹੈ ਜਿਸ ਕਰਕੇ ਉਸ ਦਾ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਨਾਮ ਦਰਜ ਹੋਇਆ ਹੈ।
ਪਿਤਾ ਨੇ ਕੋਰਸ ਲੈਣ ਤੋਂ ਕਰ ਦਿੱਤਾ ਸੀ ਮਨ੍ਹਾ
ਪੱਤਰਕਾਰ ਨਾਲ ਗੱਲਬਾਤ ਕਰਦਿਆ ਤਰੰਨੁਮ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਡਾਂਸ ਤੇ ਨੇਲ ਆਰਟ ਦਾ ਸ਼ੌਂਕ ਬਚਪਨ ਤੋਂ ਹੀ ਹੈ। ਡਾਂਸ ਵੀ ਸਿੱਖਣਾ ਸ਼ੁਰੂ ਕੀਤਾ ਸੀ, ਪਰ ਕਿਸੇ ਕਾਰਨ ਕਰਕੇ ਉਹ ਛੁੱਡਵਾ ਦਿੱਤਾ। ਫਿਰ ਤਰੰਨੁਮ ਨੇ ਨੇਲ ਆਰਟ ਦਾ ਕੋਰਸ ਕਰਨ ਦੀ ਜਿੱਦ ਕੀਤੀ। ਉਸ ਸਮੇਂ ਸਕੂਲ ਤੋਂ ਗਰਮੀਆਂ ਦੀਆਂ ਛੁੱਟੀਆਂ ਪਈਆਂ ਹੋਣ ਦੇ ਚੱਲਦੇ ਉਹ ਫ੍ਰੀ ਸੀ। ਪਰਿਵਾਰ ਨੇ ਦੱਸਿਆ ਕਿ ਪਿਤਾ ਨੇ ਪਹਿਲਾਂ ਕੋਰਸ ਕਰਵਾਉਣ ਲਈ ਹਾਮੀ ਨਹੀਂ ਭਰੀ, ਕਿਉਕਿ ਉਨ੍ਹਾਂ ਦਾ ਮੰਨਣਾ ਸੀ ਕਿ ਪਹਿਲਾਂ ਪੜ੍ਹਾਈ ਜ਼ਰੂਰੀ ਹੈ, ਨੇਲ ਆਰਟ ਬਿਲਕੁਲ ਵੱਖਰਾ ਕੋਰਸ ਹੈ, ਜਿਸ ਦਾ ਪੜ੍ਹਾਈ ਨਾਲ ਸਬੰਧ ਨਹੀਂ, ਇਸ ਲਈ ਤਰੰਨੁਮ ਦਾ ਮਾਈਂਡ ਡਾਇਵਰਟ ਹੋ ਸਕਦਾ ਹੈ।
ਆਖਿਰ ਤਰੰਨੁਮ ਤੇ ਉਸ ਦੀ ਮਾਤਾ ਨੇ ਕਿਸੇ ਤਰ੍ਹਾਂ ਤਰੁਨਪ੍ਰੀਤ (ਤਰੰਨੁਮ ਦੇ ਪਿਤਾ) ਨੂੰ ਮਨਾ ਲਿਆ ਅਤੇ ਨੇਲ ਆਰਟ ਦਾ ਕੋਰਸ ਸ਼ੁਰੂ ਕੀਤਾ।
ਤਰੰਨੁਮ ਨੂੰ ਬਚਪਨ ਤੋਂ ਡਾਂਸ ਤੇ ਨੇਲ ਆਰਟ ਦਾ ਸ਼ੌਂਕ
ਤਰੰਨੁਮ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ, "ਮੈਨੂੰ ਬਚਪਨ ਤੋਂ ਹੀ ਡਾਂਸ ਤੇ ਨੇਲ ਆਰਟ ਦਾ ਸ਼ੌਂਕ ਹੈ। ਮੈਂ ਪਾਪਾ ਨੂੰ ਕਿਸੇ ਤਰ੍ਹਾਂ ਮਨਾ ਕੇ ਨੇਲ ਆਰਟ ਦਾ ਕੋਰਸ ਕੀਤਾ। ਫਿਰ ਮੇਰੇ ਵਲੋਂ ਕੀਤੇ ਨੇਲ ਆਰਟ ਸੋਸ਼ ਮੀਡੀਆ ਉੱਤੇ ਭਰਾ ਵਲੋਂ ਸ਼ੇਅਰ ਕੀਤੇ ਗਏ। ਹੁਣ ਮੇਰਾ ਨਾਮ ਸਭ ਤੋਂ ਛੋਟੀ ਉਮਰ ਦੀ ਨੇਲ ਆਰਟਿਸਟ ਵਜੋਂ ਇੰਡੀਆ ਬੁੱਕ ਆਫ ਰਿਕਾਰਜ ਵਿੱਚ ਦਰਜ ਹੋਇਆ ਹੈ। ਮੇਰੇ ਪਾਪਾ ਚਾਹੁੰਦੇ ਹਨ ਕਿ ਮੈਂ ਡਾਕਟਰ, ਮੈਨੂੰ ਆਰਟ ਤੇ ਐਕਟਿੰਗ ਦਾ ਸ਼ੌਂਕ ਹੈ। ਬਾਕੀ ਦੇਖੋ ਅੱਗੇ ਜਾ ਕੇ ਕੀ ਹੁੰਦਾ ਹੈ।"
ਸੋਸ਼ਲ ਮੀਡੀਆ ਜ਼ਰੀਏ ਫੇਮਸ ਹੋਈ ਤਰੰਨੁਮ
ਤਰੰਨੁਮ ਦੀ ਮਾਤਾ ਨੇ ਦੱਸਿਆ ਕਿ ਕੋਰਸ ਤੋਂ ਬਾਅਦ ਤਰੰਨੁਮ ਦੇ ਭਰਾ ਨੇ ਸੋਸ਼ਲ ਮੀਡੀਆ ਉੱਤੇ ਇਸ ਦਾ ਪੇਜ ਬਣਾਇਆ, ਜਿੱਥੋ ਇੰਡੀਆ ਬੁੱਕ ਆਫ ਰਿਕਾਰਡਜ਼ ਟੀਮ ਵਲੋਂ ਉਨ੍ਹਾਂ ਨੂੰ ਕਾਲ ਆਈ ਅਤੇ ਉਨ੍ਹਾਂ ਨੇ ਸਾਡੇ ਕੋਲੋ ਕੁੱਝ ਫੋਟੋਆ (ਨੇਲ ਆਰਟ ਕੀਤੇ ਦੀਆਂ) ਅਤੇ ਦਸਤਾਵੇਜ਼ ਮੰਗਵਾਏ। ਉਸ ਤੋਂ 15 ਦਿਨਾਂ ਬਾਅਦ 24 ਦਸੰਬਰ ਨੂੰ ਤਰੰਨੁਮ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋ ਗਿਆ।
ਦਾਦੀ-ਦਾਦਾ ਨੇ ਕਿਹਾ- ਪੋਤੀ ਨੇ ਵਧਾਇਆ ਮਾਣ
ਤਰੰਨੁਮ ਦੀ ਦਾਦੀ ਤੇ ਦਾਦਾ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਉਨ੍ਹਾਂ ਦੀ ਬੱਚੀ ਨੇ ਛੋਟੀ ਉਮਰ ਵਿੱਚ ਅੰਮ੍ਰਿਤਸਰ ਸਣੇ ਪੰਜਾਬ ਦਾ ਨਾਮ ਭਾਰਤ ਵਿੱਚ ਰੁਸ਼ਨਾਇਆ ਹੈ। ਮਾਂਪਿਓ ਨੂੰ ਚਾਹੀਦਾ ਹੈ ਕਿ ਬੱਚੇ ਦਾ ਜਿਸ ਵੀ ਕੋਰਸ ਵਿੱਚ ਰੁੱਚੀ ਹੋਵੇ, ਉਸ ਨੂੰ ਉਸੇ ਵਿੱਚ ਅੱਗੇ ਵਧਣ ਦੇਣਾ ਚਾਹੀਦਾ ਹੈ।