ਬਠਿੰਡਾ: ਇੱਕ ਪਾਸੇ ਸੂਬੇ ਭਰ 'ਚ ਸੰਘਣੀ ਧੁੰਦ ਤੇ ਠੰਡ ਨੇ ਲੋਕਾਂ ਨੂੰ ਠਾਰ ਦਿੱਤਾ ਹੈ ਤਾਂ ਦੂਜੇ ਪਾਸੇ ਇਹ ਧੁੰਦ ਹਾਦਸਿਆਂ ਦਾ ਕਾਰਨ ਬਣਨ ਲੱਗੀ ਹੈ। ਮਾਮਲਾ ਬਠਿੰਡਾ ਦਾ ਹੈ, ਜਿਥੇ ਕਿ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਡੱਬਵਾਲੀ ਰੋਡ 'ਤੇ ਪਿੰਡ ਗੁਰੂਸਰ ਤੇ ਸੈਣੇਵਾਲਾ ਨਜ਼ਦੀਕ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਦਰਜਨ ਤੋਂ ਵੱਧ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ
ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਅਤੇ ਟਰੱਕ ਚਾਲਕ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਗਲਤ ਪਾਸੇ ਤੋਂ ਆ ਰਹੇ ਟਰੱਕ ਕਾਰਨ ਬੱਸ ਨੂੰ ਟੱਕਰ ਲੱਗੀ ਹੈ ਤੇ 15 ਤੋਂ 20 ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਜਿੰਨ੍ਹਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੌਕੇ 'ਤੇ ਐਂਬੂਲੈਂਸ ਲਿਜਾ ਕੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਜਾ ਰਿਹਾ ਹੈ।
ਜ਼ਖ਼ਮੀਆਂ ਦਾ ਹਸਪਤਾਲ 'ਚ ਚੱਲ ਰਿਹਾ ਇਲਾਜ
ਇਸ ਸਬੰਧੀ ਬੱਸ 'ਚ ਸਵਾਰ ਜ਼ਖ਼ਮੀ ਸਵਾਰੀ ਤੇ ਕੰਡਕਟਰ ਨੇ ਦੱਸਿਆ ਕਿ ਡੱਬਵਾਲੀ ਰੋਡ 'ਤੇ ਪਿੰਡ ਗੁਰੂਸਰ ਤੇ ਸੈਣੇਵਾਲਾ ਨਜ਼ਦੀਕ ਸੜਕ ਦਾ ਕੰਮ ਚੱਲ ਰਿਹਾ ਸੀ ਤੇ ਦੂਜਾ ਸੰਘਣੀ ਧੁੰਦ ਪੈਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਬੱਸ 'ਚ ਕਈ ਸਵਾਰੀਆਂ ਸਨ, ਜਿੰਨ੍ਹਾਂ 'ਚ 15 ਤੋਂ 20 ਲੋਕ ਜ਼ਖ਼ਮੀ ਹੋਏ ਹਨ। ਉਥੇ ਹੀ ਸਮਾਜ ਸੇਵੀ ਸੰਸਥਾ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੂੰ ਹਾਦਸੇ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੰਸਥਾ ਦੀਆਂ ਐਂਬੂਲੈਂਸਾਂ ਵਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਉਧਰ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਬੱਸ ਹਾਦਸੇ 'ਚ ਜ਼ਖ਼ਮੀ ਲੋਕ ਸਰਕਾਰੀ ਹਸਪਤਾਲ ਤੇ ਏਮਜ਼ 'ਚ ਜੇਰੇ ਇਲਾਜ ਹਨ।
ਕੁਝ ਦਿਨ ਪਹਿਲਾਂ ਵੀ ਹੋਇਆ ਸੀ ਇੱਕ ਬੱਸ ਹਾਦਸਾ
ਕਾਬਿਲੇਗੌਰ ਹੈ ਕਿ ਜਿਸ ਨਿੱਜੀ ਬੱਸ ਦੀ ਇਹ ਟੱਕਰ ਹੋਈ ਹੈ, ਉਹ 'ਆਪ' ਦੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ 'ਚ ਵਿਧਾਇਕ ਬਣੇ ਡਿੰਪੀ ਢਿੱਲੋਂ ਦੀ ਟ੍ਰਾਂਸਪੋਰਟ ਦੀ ਬੱਸ ਹੈ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਵੀ ਬਠਿੰਡਾ 'ਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ, ਜਿਸ 'ਚ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ। ਇਸ 'ਚ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਸੀ।