ਬਰਨਾਲਾ: ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਭਾਗ ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋਏ। ਏਡੀਸੀ ਬਰਨਾਲਾ ਲਤੀਫ਼ ਅਹਿਮਦ ਨੇ ਖੇਡਾਂ ਦਾ ਆਗਾਜ਼ ਕਰਵਾਇਆ ਗਿਆ। ਓਲੰਪਿਅਨ ਅਕਸ਼ਦੀਪ ਸਿੰਘ ਨੇ ਪਹੁੰਚ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਸਰਕਾਰ ਦੇ ਉਪਰਾਲੇ ਦੀ ਸ਼ਾਲਾਘਾ ਕੀਤੀ ਗਈ। ਉੱਥੇ ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 25 ਦੇ ਕਰੀਬ ਅਲੱਗ ਅਲੱਗ ਖੇਡ ਮੁਕਾਬਲੇ ਅੱਜ ਬਰਨਾਲਾ ਜਿਲ੍ਹੇ ਵਿੱਚ ਸ਼ੁਰੂ ਹੋਏ ਹਨ, ਜਿਹਨਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। ਸੂਬਾ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡ ਮੈਦਾਨਾਂ ਨਾਲ ਜੋੜ ਰਹੀ ਹੈ, ਜੋ ਬਹੁਤ ਵਧੀਆ ਉਪਰਾਲਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਏਡੀਸੀ ਲਤੀਫ਼ ਅਹਿਮਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਜੋ ਬਹੁਤ ਵਧੀਆ ਉਪਰਾਲਾ ਹੈ। ਬਰਨਾਲਾ ਜਿਲ੍ਹੇ ਵਿੱਚ ਜਿਲ੍ਹਾ ਖੇਡ ਅਫ਼ਸਰ ਦੀ ਅਗਵਾਈ ਵਿੱਚ ਬਹੁਤ ਵਧੀਆ ਪ੍ਰਬੰਧਾਂ ਅਧੀਨ ਇਹਨਾਂ ਖੇਡਾਂ ਨੂੰ ਕਰਵਾਇਆ ਜਾ ਰਿਹਾ ਹੈ।
ਉੱਥੇ ਇਸ ਮੌਕੇ ਜਿਲ੍ਹਾ ਖੇਡ ਅਧਿਕਾਰੀ ਮੈਡਮ ਉਮੇਸ਼ਵਰੀ ਸ਼ਰਮਾ ਨੇ ਕਿਹਾ ਕਿ ਅੱਜ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਏਡੀਸੀ ਬਰਨਾਲਾ ਵਲੋਂ ਜਿਲ੍ਹਾ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ ਹੈ। ਜਿਹਨਾਂ ਵਿੱਚ ਅਥਲੈਟਿਕਸ, ਹੈਂਡਬਾਲ, ਵੇਟਲਿਫਟਿੰਗ, ਗੱਤਕਾ, ਕਬੱਡੀ (ਨੈਸ਼ਨਲ ਸਟਾਈਲ) ਖੋ-ਖੋ ਤੇ ਪਾਵਰ ਲਿਫਟਿੰਗ, ਕਬੱਡੀ (ਸਰਕਲ ਸਟਾਈਲ), ਕਿੱਕ ਬਾਕਸਿੰਗ/ਬਾਕਸਿੰਗ, ਕੁਸ਼ਤੀ, ਬੈਡਮਿੰਟਨ, ਹਾਕੀ, ਟੇਬਲ ਟੈਨਿਸ, ਨੈੱਟਬਾਲ, ਸਵੀਮਿੰਗ, ਚੈੱਸ, ਬਾਸਕਿਟਬਾਲ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਲਾਅਨ ਟੈਨਿਸ ਅਤੇ ਸਾਫਟਬਾਲ ਦੇ ਮੁਕਾਬਲੇ ਹੋਣਗੇ। ਉਹਨਾਂ ਕਿਹਾ ਕਿ ਇਹ ਖੇਡਾਂ 16 ਤੋਂ 22 ਸਤੰਬਰ ਤੱਕ ਕਰਵਾਈਆਂ ਜਾਣਗੀਆਂ।