ਮੋਗਾ:ਕਹਿੰਦੇ ਨੇ ਕੁਝ ਕਰਨ ਦਾ ਜਜ਼ਬਾ ਹੋਵੇ, ਤਾਂ ਕੋਈ ਵੀ ਰੁਕਾਵਟ ਤੁਹਾਡੇ ਰਾਹ ਦਾ ਰੋੜਾ ਨਹੀਂ ਬਣ ਸਕਦੀ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਮੋਗਾ ਵਿਖੇ, ਜਿਥੇ ਆਪ ਸਰੀਰਕ ਤੌਰ 'ਤੇ ਕਮਜ਼ੋਰ ਹੋਣ ਦੇ ਬਾਵਜੂਦ ਵੀ ਬਲਵਿੰਦਰ ਕੌਰ ਨਾਮ ਦੀ ਔਰਤ ਸ਼ਹਿਰ ਦੇ ਬੇਸਹਾਰਾ ਅਤੇ ਅਵਾਰਾ ਕੁੱਤਿਆਂ ਦਾ ਸਹਾਰਾ ਬਣੀ ਹੈ। ਬਲਵਿੰਦਰ ਕੌਰ ਵੱਲੋਂ ਇਹਨਾਂ ਜਾਨਵਰਾਂ ਲਈ ਸਵੇਰ ਤੋਂ ਲੈਕੇ ਸ਼ਾਮ ਤੱਕ ਦੇ ਖਾਣੇ ਦਾ ਇੰਤਜ਼ਾਮ ਕਰਨ ਦੇ ਨਾਲ ਨਾਲ ਬਿਮਾਰੀ ਦੀ ਹਾਲਤ ਵਿੱਚ ਦਵਾਈ ਦੇਣ ਤੱਕ ਦੀ ਜ਼ਿੰਮੇਵਾਰੀ ਆਪ ਚੁੱਕੀ ਗਈ ਹੈ।
ਇਸ ਕਾਰਜ ਵਿੱਚ ਉਨ੍ਹਾਂ ਦਾ ਸਾਥ ਦਰਵੇਸ਼ ਵੈਲਫੇਅਰ ਸੋਸਾਇਟੀ ਡੋਗਸਲਟਰ ਦੇ ਰਹੀ ਹੈ। ਉਕਤ ਮਹਿਲਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਨਾਲ ਦੋ ਹੋਰ ਮਹਿਲਾ ਸਾਥੀ ਹਨ ਜੋ ਇਸ ਕੰਮ ਵਿੱਚ ਉਹਨਾਂ ਦਾ ਹੱਥ ਵਟਾਉਂਦੇ ਹਨ। ਕੁੱਤਿਆਂ ਦੀ ਦੇਖਭਾਲ ਲਈ ਤਿੰਨ ਮਹੀਨੇ ਪਹਿਲਾਂ ਹੀ ਇਨ੍ਹਾਂ ਵੱਲੋਂ ਬਣਾਏ ਗਏ ਡੋਗਸਲਟਰ ਵਿੱਚ 25 ਤੋਂ 30 ਕੁੱਤਿਆਂ ਦੀ ਦੇਖ ਰੇਖ ਕੀਤੀ ਜਾਂਦੀ ਹੈ ਅਤੇ ਜ਼ਖਮੀ ਜਾਂ ਬਿਮਾਰ ਜਾਨਵਰ ਵੀ ਇਥੇ ਹੀ ਇਲਾਜ ਲਈ ਲਿਆਏ ਜਾਂਦੇ ਹਨ।
ਜਾਣਕਾਰੀ ਦਿੰਦਿਆਂ ਹੋਇਆਂ ਬਲਵਿੰਦਰ ਕੌਰ ਨੇ ਕਿਹਾ ਕਿ "ਮੈਂ ਮੋਗਾ ਵਿਖੇ ਸਰਕਾਰੀ ਨੌਕਰੀ ਕਰ ਰਹੀ ਹਾਂ, ਮੈਂ ਅਪਾਹਿਜ ਹਾਂ ਅਤੇ ਮੇਰੇ ਘਰ ਵਿੱਚ ਕੋਈ ਆਪਣਾ ਬੱਚਾ ਵੀ ਨਹੀਂ ਹੈ। ਮੈਂ ਅਤੇ ਮੇਰੇ ਪਤੀ ਵੱਲੋਂ ਪਿਛਲੇ ਕਈ ਸਾਲ ਤੋਂ ਕੁੱਤਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਅਸੀਂ ਪਹਿਲਾਂ ਇੱਕ ਕੁੱਤਾ ਰੱਖਿਆ ਸੀ ਹੁਣ ਮੋਗਾ ਵਿੱਚ ਪਿਛਲੇ ਤਿੰਨ ਮਹੀਨੇ ਤੋਂ ਡੋਗਸਲਟਰ ਬਣਾਇਆ ਗਿਆ ਹੈ ਜਿਥੇ 25 ਤੋਂ 30 ਕੁੱਤਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਸਾਨੂੰ ਕਿਤੇ ਵੀ ਕੋਈ ਅਜਿਹਾ ਕੁੱਤਾ ਮਿਲੇ, ਜਿਸਦੀ ਸਿਹਤ ਠੀਕ ਨਾ ਹੋਵੇ ਅਸੀਂ ਉਸ ਦਾ ਇਲਾਜ ਆਪਣੇ ਸ਼ੈਲਟਰ ਹਾਊਸ ਵਿੱਚ ਲਿਜਾ ਕੇ ਕਰਦੇ ਹਾਂ, ਤੇ ਉਸ ਦੀ ਦੇਖਭਾਲ ਕਰਦੇ ਹਾਂ । ਇਹਨਾਂ ਕੁੱਤਿਆਂ ਲਈ ਹਰ ਰੋਜ ਆਪਣੇ ਘਰੋਂ ਖਾਣਾ ਬਣਾ ਕੇ ਲਿਆਉਂਦੀ ਹਾਂ, ਪਹਿਲਾਂ ਹੱਥ ਨਾਲ ਦੱਸ ਕਿਲੋ ਆਟਤ ਗੁਣ ਕੇ ਖਾਣਾ ਬਣਾਉਂਦੀ ਸੀ ਪਰ ਹੁਣ ਪਤੀ ਵੱਲੋਂ ਮਸ਼ੀਨ ਲਿਆ ਕੇ ਦਿੱਤੀ ਗਈ ਹੈ ਜਿਸ ਨਾਲ ਮਦਦ ਮਿਲੀ ਹੈ। ਮੇਰੇ ਨਾਲ ਦੋ ਹੋਰ ਔਰਤਾਂ ਮਦਦ ਕਰ ਰਹੀਆਂ ਹਨ ਅਤੇ ਭਵਿੱਖ ਵਿੱਚ ਅਸੀਂ ਇਸੇ ਤਰ੍ਹਾਂ ਹੀ ਕੁੱਤਿਆਂ ਦੀ ਸੇਵਾ ਕਰਦੇ ਰਹਾਂਗੇ।"