Disabled Singh reached Shri Harminder Sahib ਅੰਮ੍ਰਿਤਸਰ:ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਕੰਮ ਨੂੰ ਪੂਰਾ ਕਰਨ ਲਈ ਆਪਣਾ ਪੂਰਾ ਮਨ ਬਣਾ ਲਵੇ ਤਾਂ ਪਰਮਾਤਮਾ ਵੀ ਉਸ ਦੀ ਸਹਾਇਤਾ ਕਰਦਾ ਹੈ। ਇਸ ਤਰ੍ਹਾਂ ਹੀ ਇੱਕ ਸਿੰਘ ਨੌਜਵਾਨ ਨਾਲ ਬੀਤਿਆ ਹੈ। ਲੱਤਾਂ ਤੋਂ ਅਪਾਹਜ ਇਸ ਸਿੰਘ ਦੀ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਨ ਦੀ ਦਿਲੀ ਤਮੰਨਾ ਸੀ, ਇਸ ਸਿੰਘ ਉੱਪਰ ਵਾਹਿਗੁਰੂ ਨੇ ਅਜਿਹੀ ਅਪਾਰ ਕ੍ਰਿਪਾ ਕੀਤੀ ਕਿ ਉਹ ਵੀਲ੍ਹਚੇਅਰ 'ਤੇ ਹੀ 500 ਕਿਲੋਮੀਟਰ ਦਾ ਸਫਰ ਤੈਅ ਕਰਕੇ ਦਰਬਾਰ ਸਾਹਿਬ ਆ ਪਹੁੰਚਿਆ।
ਇਸ ਅਪਾਹਿਜ ਨੌਜਵਾਨ ਦਾ ਨਾਮ ਵਕੀਲ ਸਿੰਘ ਹੈ, ਜੋ ਉਤਰਾਖੰਡ ਦੇ ਬਾਜਪੁਰ ਦਾ ਰਹਿਣ ਵਾਲਾ ਹੈ। ਅੱਜ ਵੀਲ੍ਹਚੇਅਰ 'ਤੇ ਸ੍ਰੀ ਹਰਮੰਦਿਰ ਸਾਹਿਬ ਪੁੱਜਣ 'ਤੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਉਸ ਦਾ ਵਧੀਆ ਹਾਲ-ਚਾਲ ਪੁੱਛਿਆ ਅਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਕਰਨ ਲਈ ਕਿਹਾ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਸਿੰਘ ਨੇ ਕਿਹਾ ਕਿ ਉਹ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਖੁਸ਼ ਹੈ ਅਤੇ ਆਪਣੇ-ਆਪ ਨੂੰ ਵਡਭਾਗਾ ਸਮਝਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਇੱਥੇ ਪੁੱਜਣ ਲਈ ਇੰਨੀ ਤਾਕਤ/ਸ਼ਕਤੀ ਬਖਸ਼ੀ ਹੈ। ਵਕੀਲ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਗੁਰੂ ਘਰ ਪਹੁੰਚ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ। ਮੈਨੂੰ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਮੈਂ ਵਾਹਿਗੁਰੂ ਦੇ ਦਰ 'ਤੇ ਪਹੁੰਚ ਗਿਆ ਹਾਂ।
ਵਕੀਲ ਸਿੰਘ ਨੇ ਦੱਸਿਆ ਕਿ ਉਹ ਬਾਜਪੁਰ (ਉਤਰਾਖੰਡ) ਤੋਂ 21 ਮਾਰਚ ਨੂੰ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ। ਅੱਜ 14 ਦਿਨਾਂ ਬਾਅਦ ਉਹ ਸ੍ਰੀ ਹਰਮੰਦਿਰ ਸਾਹਿਬ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਇਨ੍ਹਾਂ 14 ਦਿਨਾਂ ਦੇ ਸਫਰ ਦੌਰਾਨ ਰਸਤੇ ਵਿੱਚ ਕਈ ਨਿਹੰਗ ਸਿੰਘਾਂ ਨੇ ਉਸ ਦੀ ਬਹੁਤ ਮਦਦ ਕੀਤੀ। ਅੱਜ ਉਹ 500 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਥੇ ਪਹੁੰਚਿਆ ਹੈ।