ਪੰਜਾਬ

punjab

ETV Bharat / state

ਖੰਨਾ 'ਚ ਠੇਕੇਦਾਰੀ ਸਿਸਟਮ ਖਿਲਾਫ ਸੜਕਾਂ 'ਤੇ ਆਏ ਸਫਾਈ ਸੇਵਕ ਤੇ ਸੀਵਰਮੈਨ, ਨੈਸ਼ਨਲ ਹਾਈਵੇ ਬੰਦ ਕਰਨ ਦੀ ਚਿਤਾਵਨੀ - PROTEST IN KHANNA

ਖੰਨਾ 'ਚ ਨਗਰ ਕੌਂਸਲ ਦੇ ਸਫਾਈ ਸੇਵਕਾਾਂ ਅਤੇ ਸੀਵਰਮੈਨਾਂ ਵਲੋਂ ਠੇਕੇਦਾਰੀ ਸਿਸਟਮ ਦਾ ਵਿਰੋਧ ਕੀਤਾ ਗਿਆ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਪ੍ਰਦਰਸ਼ਨ ਕਰਦਿਆਂ ਵੱਡੇ ਐਕਸ਼ਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

PROTEST IN KHANNA
ਸਫਾਈ ਸੇਵਕ ਤੇ ਸੀਵਰਮੈਨਾਂ ਦਾ ਪ੍ਰਦਰਸ਼ਨ (ETV BHARAT (ਪੱਤਰਕਾਰ, ਖੰਨਾ))

By ETV Bharat Punjabi Team

Published : Jul 24, 2024, 6:39 AM IST

ਸਫਾਈ ਸੇਵਕ ਤੇ ਸੀਵਰਮੈਨਾਂ ਦਾ ਪ੍ਰਦਰਸ਼ਨ (ETV BHARAT (ਪੱਤਰਕਾਰ, ਖੰਨਾ))

ਖੰਨਾ/ਲੁਧਿਆਣਾ:ਨਗਰ ਕੌਂਸਲ ਖੰਨਾ ਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਠੇਕੇਦਾਰੀ ਸਿਸਟਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਹ ਮੁਲਾਜ਼ਮ ਸੜਕਾਂ 'ਤੇ ਆ ਗਏ ਅਤੇ ਉਨ੍ਹਾਂ ਵਲੋਂ ਲਲਹੇੜੀ ਰੋਡ ਚੌਂਕ ਵਿਖੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਵਿਰੋਧ ਘਰ-ਘਰ ਜਾ ਕੇ ਕੂੜਾ ਚੁੱਕਣ ਦੀ ਮੁਹਿੰਮ ਨੂੰ ਲੈ ਕੇ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਨੈਸ਼ਨਲ ਹਾਈਵੇਅ ’ਤੇ ਕੂੜਾ ਸੁੱਟਣਾ ਬੰਦ ਕਰ ਦੇਣਗੇ। ਸਫਾਈ ਮਜ਼ਦੂਰ ਕਾਮੇ ਗਰਿਮਾ ਬਚਾਓ ਸੰਘਰਸ਼ ਮੋਰਚਾ ਦੇ ਬੈਨਰ ਹੇਠ ਸੰਘਰਸ਼ ਸ਼ੁਰੂ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।

ਸਫਾਈ ਕਰਮਚਾਰੀ 3 ਕਿਲੋਮੀਟਰ ਤੱਕ ਪੈਦਲ ਚੱਲਦੇ ਹਨ: ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਦੇ ਠੇਕੇਦਾਰ ਆਪਣੀ ਮਰਜ਼ੀ ਅਨੁਸਾਰ ਕੰਮ ਕਰਵਾਉਂਦੇ ਹਨ। ਮਹਿਲਾ ਸਫਾਈ ਕਰਮਚਾਰੀਆਂ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ। 3 ਕਿਲੋਮੀਟਰ ਤੱਕ ਕੂੜਾ ਰਿਕਸ਼ੇ ਵਿੱਚ ਲੈ ਕੇ ਜਾਣਾ ਪੈਂਦਾ ਹੈ। ਹੁਣ ਨਗਰ ਕੌਂਸਲ ਨੇ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰਕੇ ਕਰੋੜਾਂ ਰੁਪਏ ਦੀ ਸਰਕਾਰੀ ਮਸ਼ੀਨਰੀ ਠੇਕੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਠੇਕੇਦਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੇ ਹਨ। ਮਸ਼ੀਨਰੀ ਨੂੰ ਨਿੱਜੀ ਕੰਮ ਵਿੱਚ ਵੀ ਵਰਤਿਆ ਜਾਂਦਾ ਹੈ। ਮਸ਼ੀਨਰੀ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ ਕੂੜੇ ਦੇ ਡੰਪ ਹਟਾਏ ਗਏ ਹਨ ਅਤੇ ਸਫਾਈ ਕਰਮਚਾਰੀਆਂ ਨੂੰ ਕੂੜਾ ਸੁੱਟਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਈ ਸਫ਼ਾਈ ਕਰਮਚਾਰੀਆਂ ਦਾ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਹੇਤਿਆਂ ਨੂੰ ਐਡਜਸਟ ਕੀਤਾ ਜਾ ਰਿਹਾ ਹੈ। ਉਹਨਾਂ ਦੇ ਨਾਂਅ ਸਫਾਈ ਸੇਵਕਾਂ ਦੀ ਲਿਸਟ 'ਚ ਪਾ ਕੇ ਦਫਤਰੀ ਅਤੇ ਨਿੱਜੀ ਕੰਮ ਲਏ ਜਾਂਦੇ ਹਨ। ਇਹ ਬਹੁਤ ਵੱਡਾ ਘਪਲਾ ਹੈ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਸ਼ਹਿਰ ਦੀ ਸਫ਼ਾਈ ਬੰਦ ਕਰਨ ਦਾ ਐਲਾਨ: ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹਿਣਗੇ ਕਿਉਂਕਿ ਤੀਜੀ ਪੀੜ੍ਹੀ ਸਫਾਈ ਦੇ ਕੰਮ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੇ ਲੜਕੇ, ਲੜਕੀਆਂ ਅਤੇ ਔਰਤਾਂ ਸ਼ਹਿਰ ਨੂੰ ਸਾਫ਼ ਰੱਖਣ ਲਈ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਅੱਜ ਠੇਕੇਦਾਰੀ ਸਿਸਟਮ ਰਾਹੀਂ ਉਨ੍ਹਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪਹਿਲਾ ਵਿਰੋਧ ਪ੍ਰਦਰਸ਼ਨ ਸੀ। ਇਸ ਤੋਂ ਬਾਅਦ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੂਰੇ ਸ਼ਹਿਰ ਦੀ ਸਫਾਈ ਬੰਦ ਕਰ ਦੇਣਗੇ। ਸੀਵਰੇਜ ਦੀ ਸਫ਼ਾਈ ਨਹੀਂ ਹੋਵੇਗੀ। ਕੋਈ ਵੀ ਕੂੜਾ ਨਹੀਂ ਚੁੱਕੇਗਾ ਅਤੇ ਉਹ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਦੇਣਗੇ।

ਸਰਕਾਰੀ ਹਦਾਇਤਾਂ ਅਨੁਸਾਰ ਕੰਮ ਕੀਤਾ ਜਾ ਰਿਹਾ - ਈ.ਓ: ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ (ਈਓ) ਚਰਨਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਘਰ-ਘਰ ਕੂੜਾ ਚੁੱਕਣ ਲਈ 26 ਟੈਂਪੂ ਖਰੀਦੇ ਗਏ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਵੀ ਹਨ। ਇਸ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ। ਖੰਨਾ ਨਗਰ ਕੌਂਸਲ ਆਪਣੇ ਤੌਰ ’ਤੇ ਕੋਈ ਵੀ ਅਜਿਹਾ ਫੈਸਲਾ ਨਹੀਂ ਲੈ ਰਹੀ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ।

ABOUT THE AUTHOR

...view details