ਬਿਜਲੀ ਮੁਲਾਜ਼ਮਾਂ ਵੱਲੋਂ ਕੈਬਨਿਟ ਮੰਤਰੀ ਖਿਲਾਫ਼ ਪ੍ਰਦਰਸ਼ਨ (ETV BHARAT) ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਸਰਕਾਰ ਮੁਲਾਜ਼ਮ ਪੱਖੀ ਹੋਣ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਮੁਲਾਜ਼ਮਾਂ ਵਲੋਂ ਸਰਕਾਰ ਅਤੇ ਮੰਤਰੀਆਂ ਖਿਲਾਫ਼ ਰੰਜਿਸ਼ ਰੱਖਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਹੈ, ਜਿਥੇ ਕਿ ਸਬ ਡਿਵੀਜ਼ਨ ਜੰਡਿਆਲਾ ਗੁਰੂ ਦੇ ਬਿਜਲੀ ਕਾਮਿਆਂ ਵਲੋਂ ਆਪਣੇ ਵਿਭਾਗ ਦੇ ਮੰਤਰੀ ਖਿਲਾਫ਼ ਹੀ ਮੋਰਚਾ ਖੋਲ੍ਹ ਕੇ ਧਰਨਾ ਪ੍ਰਦਰਸ਼ਨ ਕਰ ਦਿੱਤਾ।
ਬਿਜਲੀ ਮੰਤਰੀ ਖਿਲਾਫ਼ ਪ੍ਰਦਰਸ਼ਨ:ਇਸ ਦੌਰਾਨ ਉਨ੍ਹਾਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ 'ਤੇ ਕਈ ਇਲਜ਼ਾਮ ਵੀ ਲਗਾਏ ਗਏ ਹਨ। ਇਸ ਦੌਰਾਨ ਧਰਨਾ ਦੇ ਰਹੇ ਮੁਲਾਜ਼ਮਾਂ ਦਾ ਕਹਿਣਾ ਕਿ ਬਿਜਲੀ ਮੰਤਰੀ ਵਲੋਂ ਕਈ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਹ ਧਰਨਾ ਦੇ ਰਹੇ ਹਨ। ਉਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਕਿ ਅਸੀਂ ਇਸ ਵਾਰ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਮਦਦ ਨਹੀਂ ਕੀਤੀ, ਜਿਸ ਦੇ ਚੱਲਦੇ ਕੈਬਨਿਟ ਮੰਤਰੀ ਈਟੀਓ ਵਲੋਂ ਸਾਡੀ ਬਦਲੀ ਕੀਤੀ ਗਈ ਹੈ। ਜਿਸ ਦੇ ਵਿਰੋਧ 'ਚ ਉਹ ਧਰਨਾ ਲਾਉਣ ਲਈ ਮਜ਼ਬੂਰ ਹੋਏ ਹਨ।
ਚੋਣਾਂ 'ਚ ਮਦਦ ਨਾ ਕਰਨ 'ਤੇ ਤੰਗ ਕਰਨ ਦੇ ਇਲਜ਼ਾਮ: ਉਥੇ ਹੀ ਧਰਨਾ ਦੇ ਰਹੇ ਮੁਲਾਜ਼ਮਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਮਦਦ ਨਾ ਕਰਨ ਦੇ ਚੱਲਦੇ ਕੈਬਨਿਟ ਮੰਤਰੀ ਵਲੋਂ ਸਾਡੇ ਨਾਲ ਰੰਜਿਸ਼ ਰੱਖੀ ਜਾ ਰਹੀ ਹੈ ਤੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਾਣ ਬੁੱਝ ਕੇ ਮੰਤਰੀ ਵਲੋਂ ਬਦਲੀਆਂ ਕੀਤੀਆਂ ਗਈਆਂ ਹਨ ਪਰ ਬਾਕੀ ਹੋਰ ਬਿਜਲੀ ਮੁਲਾਜ਼ਮ ਤੇ ਕਿਸਾਨ ਮਜ਼ਦੂਰ ਯੂਨੀਅਨ ਸਾਡੇ ਹੱਕ 'ਚ ਹਨ।
ਮੰਤਰੀ 'ਤੇ ਰੰਜਿਸ਼ ਦੇ ਇਲਜ਼ਾਮ:ਇਸ ਮੌਕੇ ਬਿਜਲੀ ਮੁਲਾਜ਼ਮ ਤਲਵਿੰਦਰ ਸਿੰਘ ਦਾ ਕਹਿਣਾ ਕਿ ਮੈਂ ਸਬ ਡਿਵੀਜ਼ਨ ਟਾਂਗਰਾ ਕੰਮ ਕਰ ਰਿਹਾ ਸੀ ਤਾਂ ਮੈਨੂੰ ਬਦਲ ਕੇ ਨਵਾਂਸ਼ਹਿਰ ਲਗਾ ਦਿੱਤਾ ਗਿਆ। ਜਦੋਂ ਮੈਂ ਇਸ ਸਬੰਧੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਹੀ ਕੰਮ ਕਰਨਾ ਪਵੇਗਾ। ਤਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਵਾਪਸ ਮੇਰੀ ਬਦਲੀ ਸਬ ਡਿਵੀਜ਼ਨ ਟਾਂਗਰਾ ਨਹੀਂ ਕੀਤੀ ਗਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਆਪਣੀ ਰੰਜਿਸ਼ ਕੱਢ ਰਹੇ ਹਨ।