ਅੰਮ੍ਰਿਤਸਰ: ਅੱਜ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਸੁੰਦਰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ, ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਸ਼੍ਰੌਮਣੀ ਕਮੇਟੀ ਵੱਲੋਂ ਅਲੌਕਿਕ ਦੀਪਮਾਲਾ ਅਤੇ ਆਤਿਸ਼ਬਾਜੀ ਕੀਤੀ ਗਈ। ਸੰਗਤ ਵੱਲੋਂ ਸ਼ਾਮ ਨੂੰ ਹੀ ਪਵਿੱਤਰ ਸਰੋਵਰ ਦੇ ਕਿਨਾਰੇ ਬੈਠ ਕੇ ਦੀਵੇ ਜਗਾਏ ਪਰ ਬੀਤੇ ਦਿਨ ਤੋਂ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਤੋਂ ਬਾਅਦ ਬੀਤੀ ਰਾਤ ਹੋਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ।
ਅਲੋਕਿਕ ਦੀਪਮਾਲਾ ਅਤੇ ਦਿਲਕਸ਼ ਆਤਿਸ਼ਬਾਜ਼ੀ ,ਵੇਖੋ ਵੀਡੀਓ (ETV BHARAT (ਪੱਤਰਕਾਰ,ਅੰਮ੍ਰਿਤਸਰ)) ਆਤਿਸ਼ਬਾਜ਼ੀ ਅਤੇ ਦੀਪਮਾਲਾ
ਸੰਗਤ ਦੀ ਆਮਦ ਪਹਿਲਾਂ ਨਾਲੋਂ ਜ਼ਿਆਦਾ ਸੀ ਅਤੇ ਜਿਵੇਂ ਹੀ ਆਤਿਸ਼ਬਾਜ਼ੀ ਸ਼ੁਰੂ ਹੋਈ ਤਾਂ ਸ਼ਰਧਾਲੂਆਂ ਨੇ ਇਨ੍ਹਾਂ ਅਨੰਤ ਪਲਾਂ ਨੂੰ ਆਪਣੇ ਮੋਬਾਈਲਾਂ ਵਿੱਚ ਕੈਦ ਕਰ ਲਿਆ। ਇਸ ਮੌਕੇ ਸੰਗਤ ਨੇ ਕਿਹਾ ਕਿ ਅਜਿਹਾ ਅਲੌਕਿਕ ਨਜ਼ਾਰਾ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਪਟਾਕਿਆਂ ਦੀ ਅਵਾਜ਼ ਅਦਭੁਤ ਨਜ਼ਾਰਾ ਪੇਸ਼ ਕਰ ਰਹੀ ਸੀ, ਅਲੌਕਿਕ ਆਤਿਸ਼ਬਾਜ਼ੀ ਦੇਖਣ ਪਹੁੰਚੀ ਸੰਗਤ ਨੇ ਕਿਹਾ ਕਿ ਇਹ ਖੂਬਸੂਰਤ ਆਤਿਸ਼ਬਾਜ਼ੀ ਨਜ਼ਾਰਾ ਦੇਖ ਕੇ ਉਨ੍ਹਾਂ ਦਾ ਜੀਵਨ ਸਫਲਾ ਹੋਇਆ ਹੈ।
ਦੱਸ ਦਈਏ ਸਵੇਰ ਤੋਂ ਗੁਰੂਘਰਾਂ ਵਿੱਚ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਸੀ। ਇਸ ਮੌਕੇ ਸੰਗਤ ਨੇ ਕੜਾਕੇ ਦੀ ਠੰਢ ਦੀ ਪਰਵਹ ਨਾ ਕਰਦਿਆਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਉੱਤੇ ਜਲੌਅ ਸਾਹਿਬ ਸਜਾਏ ਗਏ। ਹਰਿਮੰਦਿਰ ਸਾਹਿਬ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰਕਾਸ਼ ਦਿਵਸ ਦੀ ਵਧਾਈ ਦਿੰਦਿਆਂ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ।
ਸੰਗਤ 'ਚ ਦਿਖਾਈ ਦਿੱਤੀ ਸ਼ਰਧਾ ਅਤੇ ਜੋਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਅਨੁਸਾਰ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਹਨ। ਅਜਿਹੇ ਅਨਮੋਲ ਜਲੌਹ ਸਾਹਿਬ ਨੂੰ ਦੇਖ ਕੇ ਉਹ ਬਹੁਤ ਖੁਸ਼ ਸਨ। ਇਸ ਮੌਕੇ ਸੰਗਤਾਂ ਨੇ ਕਿਹਾ ਕਿ ਜਿਸ ਸਰਬੰਸ ਦਾਨੀ ਨੇ ਸਰਦ ਰਾਤਾਂ 'ਚ ਆਪਣਾ ਪਰਿਵਾਰ ਕੌਮ ਤੋਂ ਵਾਰ ਦਿੱਤਾ ਉਹਨਾਂ ਦੇ ਪ੍ਰਕਾਸ਼ ਦਿਹਾੜੇ 'ਤੇ ਗੁਰੂ ਘਰ ਨਤਮਸਤਕ ਹੋ ਕੇ ਅੰਨਦ ਹੀ ਵੱਖਰਾ ਆਉਂਦਾ ਹੈ।