ਪਰਿਵਾਰ ਵੱਲੋਂ ਮੁਆਵਜ਼ਾ ਅਤੇ ਨੌਕਰੀ ਦੀ ਮੰਗ (Etv Bharat (ਰਿਪੋਰਟ - ਪੱਤਰਕਾਰ, ਬਰਨਾਲਾ)) ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਇੱਕ ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਕਰਕੇ ਮੌਤ ਹੋ ਗਈ। ਮ੍ਰਿਤਕ ਬਰਨਾਲਾ ਵਿਖੇ ਪੀਆਰਟੀਸੀ ਡੀਪੂ ਵਿੱਚ ਮਿਸਤਰੀ ਦੇ ਤੌਰ ਉੱਤੇ ਕੰਮ ਕਰਦਾ ਸੀ। ਪਟਿਆਲਾ ਵਿਖੇ ਪੀਆਰਟੀਸੀ ਦੀ ਖ਼ਰਾਬ ਬੱਸ ਨੂੰ ਠੀਕ ਕਰਕੇ ਵਾਪਸ ਆਉਣ ਸਮੇਂ ਸਿਹਤ ਵਿਗੜ ਗਈ ਅਤੇ ਹਸਪਤਾਲ ਵਿੱਚ ਲਿਜਾਉਣ 'ਤੇ ਉਸਦੀ ਮੌਤ ਹੋ ਗਈ। ਪੀਆਰਟੀਸੀ ਮੁਲਾਜ਼ਮਾਂ ਨੇ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
27 ਡੀਪੂਆਂ ਦੀਆਂ ਬੱਸਾਂ ਬੰਦ:ਮੰਗ ਪੂਰੀ ਹੋਣ ਤੱਕ ਮ੍ਰਿਤਕ ਦ ਅੰਤਿਮ ਸੰਸਕਾਰ ਨਾ ਹੋਣ ਦੀ ਗੱਲ ਆਖੀ ਗਈ ਹੈ। ਪੀਆਰਟੀਸੀ ਮੈਨੇਜਮੈਂਟ ਨਾਲ ਮੀਟਿੰਗ ਹੋਣ ਉਪਰੰਤ ਕੋਈ ਮੰਗ ਨਾ ਮੰਨੇ ਜਾਣ ਕਾਰਨ ਰੋਸ ਹੈ ਅਤੇ ਰੋਸ ਵਜੋਂ ਬਰਨਾਲਾ ਡੀਪੂ ਦੀਆਂ ਬੱਸਾਂ ਬੰਦ ਰਹੀਆਂ। ਵੀਰਵਾਰ ਨੂੰ 12 ਵਜੇ ਤੱਕ ਮੰਗਾਂ ਨਾ ਮੰਨੇ ਜਾਣ 'ਤੇ ਮ੍ਰਿਤਕ ਦੀ ਡੈਡਬਾਡੀ ਬਰਨਾਲਾ ਦੇ ਬੱਸ ਸਟੈਂਡ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਕੱਲ੍ਹ ਨੂੰ ਪੂਰੇ ਪੰਜਾਬਦੇ 27 ਡੀਪੂਆਂ ਦੀਆਂ ਬੱਸਾਂ ਬੰਦ ਕੀਤੀਆਂ ਜਾਣਗੀਆਂ।
ਪੀੜਤ ਪਰਿਵਾਰ ਦੀ ਕੋਈ ਸਾਰ ਨਹੀਂ ਲਈ: ਇਸ ਮੌਕੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਪੀਆਰਟੀਸੀ ਬਰਨਾਲਾ ਡੀਪੂ ਦੀ ਇੱਕ ਬੱਸ ਪਟਿਆਲਾ ਵਿਖੇ ਖ਼ਰਾਬ ਹੋ ਗਈ ਸੀ। ਜਿਸਨੂੰ ਠੀਕ ਕਰਨ ਲਈ ਸਾਡਾ ਬਰਨਾਲਾ ਡੀਪੂ ਦਾ ਮੁਲਾਜ਼ਮ ਮਿਸਤਰੀ ਸਾਥੀ ਗਿਆ ਸੀ। ਬੀਤੇ ਕੱਲ੍ਹ ਗਰਮੀ ਬਹੁਤ ਜਿਆਦਾ ਹੋਣ ਕਰਕੇ ਉਸਦੀ ਡਿਊਟੀ ਦੌਰਾਨ ਸਿਹਤ ਵਿਗੜ ਗਈ। ਜਿਸਤੋਂ ਬਾਅਦ ਬਰਨਾਲਾ ਪਹੁੰਚਣ ਤੇ ਉਸਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਕੁੱਝ ਸਮੇਂ ਬਾਅਦ ਹੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ 40-42 ਘੰਟੇ ਬੀਤੇ ਜਾਣ ਦੇ ਬਾਵਜੂਦ ਸਰਕਾਰ ਨੇ ਪੀੜਤ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਹੈ।
ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ: ਅੱਜ ਇਸ ਸਬੰਧੀ ਵਿੱਚ ਪੀਆਰਟੀਸੀ ਮੈਨੇਜਮੈਂਟ ਨਾਲ ਮੀਟਿੰਗ ਵੀ ਹੋਈ ਹੈ। ਜਿੱਥੇ ਸਾਡੀ ਯੂਨੀਅਨ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੇਣ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।ਪਰ ਮੈਨੇਜਮੈਂਟ ਅਤੇ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸਦੇ ਚੱਲਦਿਆਂ ਪੀਆਰਟੀਸੀ ਮੁਲਾਜ਼ਮਾਂ ਨੇ ਇਸ ਸਬੰਧੀ ਸੰਘਰਸ਼ ਦਾ ਐਲਾਨ ਕੀਤਾ ਹੈ। ਜਿਸ ਤਹਿਤ ਅੱਜ ਬਰਨਾਲਾ ਪੀਆਰਟੀਸੀ ਡੀਪੂ ਬੰਦ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੱਲ੍ਹ 12 ਵਜੇ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਦੇ 27 ਸਰਕਾਰੀ ਬੱਸਾਂ ਦੇ ਡੀਪੂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਮ੍ਰਿਤਕ ਮੁਲਾਜ਼ਮ ਦੀ ਡੈਡਬਾਡੀ ਬਰਨਾਲਾ ਦੇ ਬੱਸ ਸਟੈਂਡ ਅੱਗੇ ਰੱਖ ਕੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।