ਕਪੂਰਥਲਾ: ਭੁੱਲਥ ਤੋਂ ਬੇਗੋਵਾਲ ਭਦਾਸ ਨਜ਼ਦੀਕ ਖੇਤਾਂ ਦੇ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਕਿਸੇ ਲਈ ਕਾਲ ਦਾ ਰੂਪ ਬਣ ਗਈ। ਜਿਸ ਦੇ ਚੱਲਦੇ ਸੜਕ 'ਤੇ ਜਾ ਰਿਹਾ ਮੋਟਰਸਾਇਕਲ ਸਵਾਰ ਨਾਮਾਲੂਮ ਵਿਅਕਤੀ ਅੱਗ ਦੀ ਚਪੇਟ ਵਿਚ ਆ ਗਿਆ। ਜਿਸ ਦੇ ਚੱਲਦਿਆਂ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਥੇ ਹੀ ਅਜੇ ਤੱਕ ਉਕਤ ਮੋਟਰਸਾਈਕਲ ਸਵਾਰ ਦੀ ਪਹਿਚਾਣ ਨਹੀਂ ਹੋ ਸਕੀ, ਜਦਕਿ ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅੱਗ ਦੀ ਲਪੇਟ 'ਚ ਆਇਆ ਨੌਜਵਾਨ:ਇਸ ਸਬੰਧੀ ਜਾਣਕਾਰੀ ਮੁਤਾਬਿਕ ਬੇਗੋਵਾਲ ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨਾਮਾਲੂਮ ਵਿਅਕਤੀ ਭੁੱਲਥ ਤੋਂ ਬੇਗੋਵਾਲ ਆ ਰਿਹਾ ਸੀ ਤਾਂ ਜਦੋਂ ਉਹ ਭਦਾਸ ਨਜ਼ਦੀਕ ਪੁੱਜਿਆ ਤਾਂ ਖੇਤਾਂ ਵਿਚ ਲੱਗੀ ਅੱਗ ਦੇ ਧੂੰਏ ਨੇ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਸੜਕ ਕਿਨਾਰੇ ਮੋਟਰਸਾਈਕਲ ਡਿੱਗਣ ਕਾਰਣ ਉਹ ਅੱਗ ਦੇ ਵਿੱਚ ਜਾ ਡਿੱਗਿਆ, ਜੋ ਉਸ ਦੀ ਮੌਤ ਦਾ ਕਾਰਣ ਬਣ ਗਈ। ਹਾਲਾਂਕਿ ਪ੍ਰਸਾਸ਼ਨ ਵਲੋਂ ਨਾਲ ਦੀ ਨਾਲ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਾੜ ਨੂੰ ਅੱਗ ਨਾ ਲਗਾਈ ਜਾਵੇ ਪਰ ਫਿਲਹਾਲ ਸਥਿਤੀ ਉੱਥੇ ਦੀ ਉੱਥੇ ਹੀ ਹੈ। ਜੋ ਕਿ ਆਉਣ ਜਾਣ ਵਾਲੇ ਰਾਹਗੀਰਾਂ ਲਈ ਮੁਸੀਬਤ ਤੇ ਡਰ ਖੌਫ ਬਣਿਆ ਹੋਇਆ ਹੈ। ਇਸ ਹਾਦਸੇ ਮਗਰੋਂ ਮੋਟਰਸਾਈਕਲ 'ਤੇ ਲੱਗੀ ਅੱਗ ਨੂੰ ਕਾਬੂ ਪਾਇਆ ਗਿਆ।