ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਆਏ ਦਿਨ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੁਟੇਰੇ ਪਿਸਤੋਲ ਦੀ ਨੋਕ 'ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹੈ। ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਪੀੜਿਤ ਹੱਥ ਮਲਦੇ ਰਹਿ ਜਾਂਦੇ ਹਨ।
ਮੈਡੀਕਲ ਸਟੋਰ 'ਤੇ ਲੁੱਟ ਦੀ ਵਾਰਦਾਤ:ਉੱਥੇ ਹੀ ਅੱਜ ਦਿਨ ਦਿਹਾੜੇ ਸ਼ਾਮ ਦੇ 6 ਵਜੇ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਨਗੀਨਾ ਐਵਨਿਊ ਵਿਖੇ ਦੋ ਨੌਜਵਾਨ ਲੁਟੇਰਿਆਂ ਵੱਲੋਂ ਇੱਕ ਮੈਡੀਕਲ ਸਟੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਪੀੜਿਤ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ ਦੋ ਨੌਜਵਾਨ ਮੂੰਹ 'ਤੇ ਰੁਮਾਲ ਬੰਨ ਕੇ ਦੁਕਾਨ 'ਤੇ ਸਮਾਨ ਲੈਣ ਦੇ ਲਈ ਆਏ ਅਤੇ ਉਨ੍ਹਾਂ ਨੇ ਦੁਕਾਨ ਅੰਦਰੋਂ ਲੋਕ ਕਰ ਦਿੱਤੀ। ਫਿਰ ਪਿਸਤੋਲ ਕੱਢ ਕੇ ਮੈਨੂੰ ਸਾਈਡ 'ਤੇ ਬੈਠਣ ਨੂੰ ਕਿਹਾ ਅਤੇ ਮੇਰੇ ਦੁਕਾਨ ਵਿੱਚ ਜਿੰਨਾ ਵੀ ਕੈਸ਼ ਸੀ, ਉਹ ਸਾਰਾ ਲੁੱਟ ਕੇ ਫਰਾਰ ਹੋ ਗਏ ਅਤੇ ਜਾਂਦੇ-ਜਾਂਦੇ ਵਾਰੀ ਧਮਕੀ ਲਗਾਈ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਗੋਲੀ ਮਾਰ ਦੇਵਾਂਗੇ।