ਦਲਜੀਤ ਸਿੰਘ ਚੀਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਅੰਮ੍ਰਿਤਸਰ: ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (SAD) ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਆਪਣੇ ਪਰਿਵਾਰ ਅਤੇ ਵਰਕਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅੱਜ ਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਹਲਕੇ 'ਚ ਲੋਕਾਂ ਨਾਲ ਵਿਚਰਨ ਵਾਸਤੇ ਜਾ ਰਿਹਾ ਹਾਂ। ਇਸ ਮੌਕੇ ਉਹਨਾਂ ਟਿੱਕਟ ਦੇਣ ਲਈ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।
ਪਹਿਲੀ ਵਾਰ ਪਾਰਲੀਮੈਂਟ ਚੋਣ ਲੜ ਰਿਹਾ ਹਾਂ: ਉਹਨਾਂ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੀ ਲੜਦਾ ਆ ਰਿਹਾ ਹਾਂ। ਇਹ ਪਹਿਲੀ ਵਾਰ ਹੋਇਆ ਕਿ ਮੈਂ ਪਾਰਲੀਮੈਂਟ ਚੋਣ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਕਿਸਾਨੀ ਦੇ ਐਮਐਸਪੀ ਗਰੰਟੀ ਦਾ ਹੈ ਪਰ ਉਸ ਵਿਚੋਂ ਕੋਈ ਹੱਲ ਨਹੀਂ ਨਿਕਲਿਆ। ਇਸ ਲਈ ਅਕਾਲੀ ਦਲ ਕਿਸਾਨੀ ਦੇ ਮੁੱਦਿਆਂ ਕਰਕੇ ਹੀ ਬੀਜੇਪੀ ਤੋਂ ਵੱਖ ਹੋਇਆ ਹੈ, ਇਸ ਕਾਰਨ ਹੀ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਵੀ ਸਹਿਮਤੀ ਨਹੀਂ ਬਣੀ ਕਿਉਂਕਿ ਹਾਲੇ ਤੱਕ ਵੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਬੰਦੀ ਸਿੰਘਾਂ ਨੂੰ ਹਾਲੇ ਵੀ ਰਿਹਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਜਮਹੂਰੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਅਕਾਲੀ ਦਲ ਇਕੱਲਾ ਚੋਣ ਲੜ ਰਿਹਾ ਹੈ।
ਇਸ ਵਾਰ ਝਾੜੂ ਖਿਲਰਨ ਵਾਲਾ ਹੈ: ਡਾ. ਚੀਮਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਚੋਣ ਲੜ ਚੁੱਕਾ ਹਾਂ ਅਤੇ ਹੁਣ ਫਿਰ 14-15 ਸਾਲ ਬਾਅਦ ਮੈਂ ਫਿਰ ਦੁਬਾਰਾ ਤੋਂ ਗੁਰਦਾਸਪੁਰ ਵਾਪਸੀ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਇਸ ਵਾਰ ਝਾੜੂ ਖਿਲਰਨ ਵਾਲਾ ਹੈ ਅਤੇ ਸਫਾਇਆ ਹੋਣ ਵਾਲਾ ਹੈ, ਕਿਉਂਕਿ ਸਾਰੇ ਹੀ ਲੋਕ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਹਨ, ਕਿਉਂਕਿ ਦਿੱਲੀ ਤੋਂ ਸਰਕਾਰ ਚੱਲਦੀ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ।
ਕੇਜਰੀਵਾਲ ਤੇ ਸਾਧਿਆ ਨਿਸ਼ਾਨਾ: ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਗਰੰਟੀ ਦਿੱਤੀ ਸੀ ਕਿ ਸਾਰੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰੇਗਾ ਪਰ ਉਹ ਖੁਦ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਅੱਜ ਜੇਲ ਅੰਦਰ ਬੈਠੇ ਹਨ। ਉਨ੍ਹਾਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਇੱਕ ਹਜ਼ਾਰ ਰੁਪਏ ਦੀ ਗਰੰਟੀ ਦਿੱਤੀ ਸੀ, ਪਰ ਉਹ ਅੱਜ ਵੀ 1000 ਰੁਪਏ ਨੂੰ ਤਰਸ ਰਹੀਆਂ ਹਨ।