COUNCILORS ON HUNGER STRIKE (ETV Bharat) ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਸਮੇਤ ਵਾਰਡ ਨੰਬਰ 4 ਤੋਂ ਕੌਂਸਲਰ ਨਗਰ ਕੌਂਸਲ ਦਫ਼ਤਰ ਭੁੱਖ ਮੂਹਰੇ ਹੜਤਾਲ ‘ਤੇ ਬੈਠ ਗਏ। ਇਸ ਮੌਕੇ ਉਹਨਾਂ ਦਾ ਬਾਕੀ ਕੌਂਸਲਰਾਂ ਨੇ ਵੀ ਸਾਥ ਦਿੱਤਾ।
ਜਿਕਰਯੋਗ ਹੈ ਕਿ ਯਾਦਵਿੰਦਰ ਸਿੰਘ ਯਾਦੂ ਵਾਰਡ ਨੰਬਰ 4 ਤੋਂ ਕਾਂਗਰਸ ਵੱਲੋਂ ਚੋਣ ਲੜੇ ਅਤੇ ਕੌਂਸਲਰ ਬਣੇ ਹਨ ਅਤੇ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਵੀ ਕਾਂਗਰਸ ਨਾਲ ਸਬੰਧਿਤ ਹਨ। ਪ੍ਰਧਾਨ ਦੀ ਬਗਾਵਤ ਕਰਦਿਆ ਕਰੀਬ 10 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਬੀਤੇ ਸਮੇਂ ਵਿਚ ਅਸਤੀ਼ਫਾ ਦੇ ਦਿੱਤਾ ਸੀ ਅਤੇ ਇਹ ਕਥਿਤ ਦੋਸ਼ ਲਾਏ ਸਨ ਕਿ ਪ੍ਰਧਾਨ ਵੱਲੋਂ ਉਹਨਾਂ ਦੇ ਵਾਰਡਾਂ ਦੇ ਕੰਮ ਨਹੀਂ ਕੀਤੇ ਜਾ ਰਹੇ।
ਜਾਣਬੁੱਝ ਆਮ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ: ਭੁੱਖ ਹੜਤਾਲ ‘ਤੇ ਬੈਠੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਉਹਨਾਂ ਦੇ ਵਾਰਡ ਦੇ ਵਿਚ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦੇ ਕਾਰਜ ਦਾ ਮਤਾ 2021 ਦੀ ਮੀਟਿੰਗ ਵਿਚ ਪਾਸ ਹੋ ਚੁੱਕਾ ਹੈ ਪਰ ਅਜੇ ਤੱਕ ਇਸ ਕੰਮ ਲਈ ਟੈਂਡਰ ਤੱਕ ਨਹੀਂ ਲਾਇਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਜਾਣਬੁੱਝ ਆਮ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਜਰੂਰੀ ਕੰਮ ਵੀ ਨਹੀਂ ਕੀਤੇ ਜਾ ਰਹੇ। ਉਹਨਾਂ ਨੇ ਇਸੇ ਕਾਰਨ ਇਹ ਭੁੱਖ ਹੜਤਾਲ ਦਾ ਰਾਹ ਅਪਣਾਇਆ ਹੈ।
ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ: ਉਧਰ ਇਸ ਮਾਮਲੇ ਵਿਚ ਨਗਰ ਕੌਂਸਲ ਪ੍ਰਧਾਨ ਸੰਮ੍ਹੀ ਤੇਰ੍ਹੀਆ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਸਾਰੇ ਵਾਰਡਾਂ ਦੇ ਕੰਮ ਹੋਣ ਪਰ ਅਜਿਹਾ ਪ੍ਰਸ਼ਾਸਨਿਕ ਅਧਿਕਾਰੀਆਂ ਕਾਰਨ ਨਹੀਂ ਹੋ ਰਿਹਾ। ਕੌਂਸਲਰਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।