ਘੱਟਦਾ ਜਾ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ (ETV BHARAT) ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਲੁਧਿਆਣਾ ਵੱਲੋਂ ਵੱਖ-ਵੱਖ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੀਏਯੂ 'ਚ ਟ੍ਰੇਨਿੰਗ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਲੱਗਭੱਗ 25% ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇੱਕ ਤਿਹਾਈ ਲੇਬਰ ਦਾ ਖਰਚਾ ਘੱਟ ਆਉਂਦਾ ਹੈ ਅਤੇ ਝੋਨਾ ਕੱਟਣ ਤੋਂ ਬਾਅਦ ਬੀਜੀ ਫ਼ਸਲ ਕਣਕ ਦੇ ਝਾੜ ਵਿੱਚ 1 ਕੁਇੰਟਲ ਤੱਕ ਦਾ ਵਾਧਾ ਹੁੰਦਾ ਹੈ ਅਤੇ ਹੱਥੀ ਲਵਾਏ ਝੋਨੇ ਦੇ ਮੁਕਾਬਲੇ ਝਾੜ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਕਿਸਾਨਾਂ ਨੇ ਦੱਸਿਆ ਕਿ ਪਰਮਲ ਝੋਨੇ ਦੀ ਕਿਸਮਾਂ ਦੀ ਬਿਜਾਈ ਲਈ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਢੁਕਵਾਂ ਸਮਾਂ ਹੈ।
ਕਿਸਾਨਾਂ ਨੂੰ ਅਪੀਲ: ਪੀਏਯੂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ ਕਿਸਮਾਂ ਦੀ ਹੀ ਸਿੱਧੀ ਬਿਜਾਈ ਕਰਨ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆ ਕਿਸਮਾਂ ਦੇ ਬੀਜ ਸਰਕਾਰੀ ਕੇਂਦਰਾਂ 'ਤੇ ਉਪਲੱਬਧ ਹਨ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾ ਖੇਤ ਵਿੱਚ ਕੰਪਿਊਟਰ ਕਰਾਹਾ ਲਾ ਕੇ ਪੱਧਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਬਿਜਾਈ ਇੱਕਸਾਰ ਹੋ ਸਕੇ ਅਤੇ ਨਦੀਨਾਂ ਦੀ ਸਮੱਸਿਆ ਘੱਟ ਆਵੇ। ਉਹਨਾਂ ਨੇ ਸਿੱਧੀ ਬਿਜਾਈ ਵਿੱਚ ਆਉਣ ਵਾਲੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਸਬੰਧੀ ਆਪਣੇ ਸੁਝਾਅ ਸਾਂਝੇ ਕੀਤੇ।
ਘੱਟਦੇ ਜਾ ਰਹੇ ਪਾਣੀ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਲਈ ਵਿਸ਼ੇਸ਼ ਤੌਰ 'ਤੇ ਮਾਨਵ ਵਿਕਾਸ ਸਮਾਜ ਸੇਵੀ ਸੰਸਥਾ ਵੱਲੋਂ ਮਿਲ ਕੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਸੰਸਥਾ ਦੇ ਮੈਂਬਰ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਅਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਤਹਿਤ ਜੋੜ ਰਹੇ ਹਾਂ। ਉਹਨਾਂ ਕਿਹਾ ਕਿ ਪੀਏਯੂ ਦੀ ਰਿਪੋਰਟ ਹੈ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੋ ਬੋਰ ਪਹਿਲਾਂ 30 ਤੋਂ 35 ਫੁੱਟ ਤੱਕ ਹੁੰਦੇ ਸੀ, ਉਹ ਹੁਣ 150 ਤੋਂ 200 ਫੁੱਟ ਤੱਕ ਚਲੇ ਗਏ ਹਨ। ਵੱਡੀਆਂ ਮੋਟਰਾਂ ਲਗਾ ਕੇ ਧਰਤੀ ਹੇਠਾਂ ਤੋਂ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਝੋਨੇ ਦੇ ਲਈ ਕੱਦੂ ਕਰਨ ਲਈ ਜਿਸ ਤਰ੍ਹਾਂ ਪਾਣੀ ਦੀ ਬੇਹਿਸਾਬ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਉਸ ਨਾਲ ਸਾਡੀ ਆਉਣ ਵਾਲੀ ਪੀੜੀਆਂ ਲਈ ਪਾਣੀ ਬਚਣਾ ਵੀ ਅਸੰਭਵ ਹੈ। ਇਸ ਕਰਕੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ, ਉਹਨਾਂ ਕਿਹਾ ਕਿ ਸਾਡੇ ਬਜ਼ੁਰਗ ਸਾਡੇ ਲਈ ਚੰਗੀ ਵਿਰਾਸਤ ਛੱਡ ਕੇ ਗਏ ਸਨ। ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੀ ਆਉਣ ਵਾਲੀ ਪੀੜੀ ਦੇ ਲਈ ਵੱਧ ਤੋਂ ਵੱਧ ਪਾਣੀ ਛੱਡ ਕੇ ਜਾਈਏ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸਾਲ 2039 ਤੱਕ ਦਾ ਹੀ ਪਾਣੀ ਧਰਤੀ ਵਿੱਚ ਬਚਿਆ ਹੈ। ਜੇਕਰ ਅਸੀਂ ਉਸ ਨੂੰ ਵੀ ਵਰਤ ਲਿਆ ਤਾਂ ਆਉਣ ਵਾਲੀ ਪੀੜੀ ਪਹਿਲਾਂ ਪੀਣ ਵਾਲੇ ਪਾਣੀ ਲਈ ਵੀ ਤਰਸੇਗੀ।
ਘੱਟਦਾ ਜਾ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ (ETV BHARAT) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਦਿਨ ਪਰ ਦਿਨ ਖ਼ਤਮ ਹੁੰਦੇ ਜਾ ਰਹੇ ਪਾਣੀ ਨੂੰ ਬਚਾਇਆ ਜਾ ਸਕੇ। ਇੱਕ ਸਮਾਂ ਅਜਿਹਾ ਆਵੇਗਾ ਕਿ ਅਸੀਂ ਪੀਣ ਵਾਲੇ ਪਾਣੀ ਲਈ ਵੀ ਤਰਸਾਂਗੇ ਤੇ ਆਪਣੀ ਅਗਲੀ ਪੀੜੀ ਪਾਣੀ ਲਈ ਸੰਘਰਸ਼ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਇੱਕ ਸਮਾਂ ਇਹ ਵੀ ਆਵੇਗਾ ਕਿ ਫ਼ਸਲ ਨੂੰ ਪਾਣੀ ਲਾਉਣ ਤੋਂ ਪਹਿਲਾਂ ਲੈਬ ‘ਚ ਟੈਸਟ ਕੀਤਾ ਜਾਵੇਗਾ ਕਿ ਇਹ ਖੇਤੀ ਯੋਗ ਪਾਣੀ ਹੈ ਜਾਂ ਨਹੀਂ। ਯੂਨੀਵਰਸਿਟੀ ਨਾਲ ਮਿਲ ਕੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ ਤਾਂ ਜੋ ਪਾਣੀ ਨੂੰ ਬਚਾਇਆ ਜਾ ਸਕੇ ਤੇ ਇਸ ਨਾਲ ਖ਼ਰਚਾ ਵੀ ਘੱਟ ਆਵੇਗਾ।-ਮਨਪ੍ਰੀਤ ਸਿੰਘ,ਮੈਂਬਰ ਮਾਨਵ ਵਿਕਾਸ ਸੰਸਥਾ
ਫਸਲੀ ਚੱਕਰ ਦੇ ਬਦਲ ਦੀ ਲੋੜ:ਮਨਪ੍ਰੀਤ ਸਿੰਘ ਅਤੇ ਕਿਸਾਨਾਂ ਨੇ ਦੱਸਿਆ ਕਿ ਅਸੀਂ ਆਪਣੀਆਂ ਜਮੀਨਾਂ ਨੂੰ ਖਰਾਬ ਕਰ ਲਿਆ ਹੈ। ਧਰਤੀ ਹੇਠਲਾ ਪਾਣੀ ਇੰਨਾਂ ਖਰਾਬ ਹੋ ਚੁੱਕਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਫਸਲ ਨੂੰ ਪਾਣੀ ਲਾਉਣ ਤੋਂ ਪਹਿਲਾਂ ਲੈਬ ਦੇ ਵਿੱਚ ਟੈਸਟ ਕਰਵਾਇਆ ਜਾਵੇਗਾ ਕਿ ਇਹ ਪਾਣੀ ਫਸਲ ਨੂੰ ਲਾਉਣ ਲਾਇਕ ਹੈ ਵੀ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਫਸਲੀ ਚੱਕਰ 'ਚੋਂ ਨਿਕਲਣ ਦੀ ਹੁਣ ਬੇਹਦ ਲੋੜ ਹੈ, ਉਹਨਾਂ ਕਿਹਾ ਕਿ ਝੋਨੇ ਦੇ ਬਦਲ ਵੱਜੋਂ ਕਿਸੇ ਹੋਰ ਫਸਲ ਨੂੰ ਲਾਉਣ ਦੀ ਲੋੜ ਹੈ, ਜੋ ਪਾਣੀ ਘੱਟ ਲਵੇ ਅਤੇ ਕਿਸਾਨਾਂ ਨੂੰ ਇਸ ਦਾ ਮੁਨਾਫਾ ਵੀ ਹੋ ਸਕੇ। ਉਹਨਾਂ ਨੇ ਕਿਹਾ ਕਿ ਮੱਕੀ ਤੇ ਸਰਕਾਰ ਜੇਕਰ ਐਮਐਸਪੀ ਦੇ ਦੇਵੇ ਜਾਂ ਫਿਰ ਉਸ ਦੀਆਂ ਕੀਮਤਾਂ 'ਚ ਵਾਧਾ ਕਰ ਦੇਵੇ ਤਾਂ ਕਿਸਾਨ ਇਸ ਨੂੰ ਝੋਨੇ ਦੇ ਬਦਲ ਦੇ ਰੂਪ ਦੇ ਵਿੱਚ ਲਗਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਜ਼ਹਿਰ ਰਹਿਤ ਔਰਗੈਨਿਕ ਖੇਤੀ ਇਸ ਦਾ ਇੱਕੋ ਇੱਕ ਹੱਲ ਹੈ, ਭਾਵੇਂ ਉਸ ਦੇ ਵਿੱਚ ਕਿਸਾਨਾਂ ਨੂੰ ਆਮਦਨ ਘੱਟ ਹੋਵੇ ਪਰ ਪੰਜਾਬ ਦੀ ਪੀੜੀ ਨੂੰ ਅਸੀਂ ਬਚਾ ਸਕਦੇ ਹਨ।