ਕਾਂਗਰਸ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਚੰਡੀਗੜ੍ਹ: ਇੱਕ ਪਾਸੇ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਨੇ ਬਜਟ ਸੈਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਚੱਲਦੇ ਭਾਵੇਂ ਕਿ 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਣਾ ਹੈ ਪਰ ਸੈਸ਼ਨ ਦੇ ਪਹਿਲੇ ਦਿਨ ਹੀ ਹੰਗਾਮੇ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ। ਜਦੋਂ ਕਾਂਗਰਸ ਵਲੋਂ ਕਿਸਾਨ ਅੰਦੋਲਨ ਦਾ ਮੁੱਦਾ ਸਦਨ 'ਚ ਚੁੱਕਿਆ ਗਿਆ ਅਤੇ ਰਾਜਪਾਲ ਨੂੰ ਆਪਣਾ ਭਾਸ਼ਣ ਵਿਚਾਲੇ ਹੀ ਛੱਡਣਾ ਪਿਆ।
ਰਾਜਪਾਲ ਨੇ ਵਿਚਾਲੇ ਛੱਡਿਆ ਭਾਸ਼ਣ:ਇਸ ਸਬੰਧੀ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਰਾਜਪਾਲ ਨੇ ਆਪਣਾ ਭਾਸ਼ਣ ਵਿਚਾਲੇ ਹੀ ਛੱਡ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਬੇਨਤੀ ਵੀ ਕੀਤੀ ਸੀ ਕਿ ਸਰਕਾਰ ਨੇ ਜੋ ਗਵਰਨਰ ਭਾਸ਼ਣ ਛਾਪਿਆ ਹੈ, ਉਹ ਝੂਠ ਦਾ ਪੁਲੰਦਾ ਹੈ। ਪੰਜਾਬ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ, ਤਿੰਨ ਸੋ ਤੋਂ ਵੱਧ ਕਿਸਾਨ ਹਸਪਤਾਲ 'ਚ ਜ਼ਖ਼ਮੀ ਜੇਰੇ ਇਲਾਜ ਹਨ ਅਤੇ 9 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਸੂਬੇ ਨੂੰ ਸੁਰੱਖਿਅਤ ਨਹੀਂ ਕਰ ਸਕੀ ਸਰਕਾਰ: ਬਾਜਵਾ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਸਾਂਸਦ ਸੀ ਤਾਂ ਬਹਿਬਲ ਕਲਾਂ ਅਤੇ ਬਰਗਾੜੀ ਨੂੰ ਲੈਕੇ ਇਹਨ੍ਹਾਂ ਸੰਸਦ 'ਚ ਸਵਾਲ ਚੁੱਕਿਆ ਸੀ ਕਿ ਪਰਚੇ 'ਚ ਸ਼ਾਮਲ ਪੁਲਿਸ ਅਣਪਛਾਤੀ ਕਿਵੇਂ ਹੋ ਸਕਦੀ ਹੈ ਤੇ ਹੁਣ ਉਹ ਸਵਾਲ ਕਰਦੇ ਹਨ ਕਿ ਸ਼ੁੱਭਕਰਨ ਦੇ ਮਾਮਲੇ 'ਚ ਅਣਪਛਾਤੀ ਪੁਲਿਸ ਕਿਵੇਂ ਹੋ ਸਕਦੀ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਸੁਰੱਖਿਅਤ ਨਹੀਂ ਕਰ ਸਕੇ, ਜਿਸ ਦੇ ਚੱਲਦੇ ਨੈਤਿਕ ਤੌਰ 'ਤੇ ਇੰਨ੍ਹਾਂ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਰਾਜਪਾਲ ਨੂੰ ਝੂਠ ਦਾ ਪੁਲੰਦਾ ਨਾ ਪੜਨ ਦੀ ਅਪੀਲ ਕੀਤੀ ਤਾਂ ਉਨ੍ਹਾਂ ਉਦੋਂ ਹੀ ਉਸ ਨੂੰ ਪੜ੍ਹਨਾਂ ਬੰਦ ਕਰ ਦਿੱਤਾ।
ਕੇਂਦਰ ਦੇ ਏਜੰਟ ਵਜੋਂ ਕੰਮ ਕਰ ਰਹੇ ਸੀਐਮ ਮਾਨ:ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਅੱਜ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਇਹ ਕੇਂਦਰ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਭਗਵੰਤ ਮਾਨ ਨਾ ਤਾਂ ਸੂਬੇ ਨੂੰ ਸੁਰੱਖਿਅਤ ਕਰ ਸਕਿਆ ਅਤੇ ਨਾ ਹੀ ਕਿਸਾਨਾਂ ਦੇ ਹੱਕਾਂ ਨੂੰ ਸੁਰੱਖਿਅਤ ਕਰ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ੁੱਭਕਰਨ ਦੇ ਮਾਮਲੇ 'ਚ ਜਲਦਬਾਜ਼ੀ 'ਚ ਪਰਚਾ ਦਰਜ ਕੀਤਾ ਗਿਆ ਹੈ ਤੇ ਪੋਸਟਮਾਰਟਮ ਜੋ ਦਿਨ ਨੂੰ ਹੋਣ ਦੀ ਗਾਇਡਲਾਈਨ ਵੀ ਨੇ, ਤਾਂ ਉਸ ਨੂੰ ਅੱਧੀ ਰਾਤ ਨੂੰ ਕਰਨ ਲਈ ਕੀ ਮਜ਼ਬੂਰੀ ਬਣ ਗਈ ਸੀ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਕੇਸ ਨੂੰ ਕਮਜ਼ੋਰ ਕਰਨ ਲਈ ਹਰਿਆਣਾ ਸਰਕਾਰ ਨੂੰ ਰੁੱਕਾ ਭੇਜਿਆ ਤੇ ਜੋ ਵਾਰਦਾਤ ਪੰਜਾਬ 'ਚ ਹੋਈ, ਉਸ ਨੂੰ ਹਰਿਆਣਾ ਜ਼ੀਂਦ ਦਾ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਬਹਿਬਲ ਕਲਾਂ ਤੇ ਬਰਗਾੜੀ 'ਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ 'ਤੇ ਪਰਚੇ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਅੱਜ ਅਸੀਂ ਵੀ ਇਸ ਮਾਮਲੇ 'ਚ ਅਨਿਲ ਵਿੱਜ ਖਿਲਾਫ਼ ਪਰਚੇ ਦੀ ਮੰਗ ਕਰਦੇ ਹਾਂ ਤੇ ਕਰਦੇ ਰਹਾਂਗੇ।
ਹੁਣ ਕਿਥੇ ਨੇ ਪੰਜ ਮਿੰਟ 'ਚ ਐਮਐਸਪੀ ਦੇਣ ਵਾਲੇ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਿਸਾਨਾਂ ਦੇ ਹੱਕ ਸੁਰੱਖਿਅਤ ਨਹੀਂ ਕਰ ਸਕੇ ਤੇ ਇਹ ਖੁਦ ਕਹਿੰਦੇ ਹੁੰਦੇ ਸੀ ਕਿ ਜੇ ਕੇਂਦਰ ਐਮਐਸਪੀ ਨਹੀਂ ਦਿੰਦਾ ਤਾਂ ਅਸੀਂ ਦੇਵਾਂਗੇ ਤਾਂ ਹੁਣ ਕਿਉਂ ਨਹੀਂ ਐਮਐਸਪੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਇੱਕ ਮੰਤਰੀ ਦਾ ਬਿਆਨ ਸੀ ਕਿ ਸਾਨੂੰ ਇੱਕ ਮੌਕਾ ਦਿਓ ਤਾਂ ਅਸੀਂ ਪੰਜ ਮਿੰਟਾਂ 'ਚ ਹਰ ਇੱਕ ਫਸਲ 'ਤੇ ਐਮਐਸਪੀ ਦੇਵਾਂਗੇ ਤਾਂ ਹੁਣ ਕਿਉਂ ਨਹੀਂ ਐਮਐਸਪੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਵੀ ਕਿਸਾਨ ਅੰਦੋਲਨ ਹੁੰਦੇ ਪਰ ਉਥੇ ਕਿਸਾਨਾਂ ਨਾਲ ਅਜਿਹਾ ਵਤੀਰਾ ਨਹੀਂ ਕੀਤਾ ਜਾਂਦਾ, ਜਿਵੇਂ ਦਾ ਭਾਜਪਾ ਸਰਕਾਰ ਨੇ ਕੀਤਾ ਹੈ।
ਅੰਦੋਲਨ ਕਮਜ਼ੋਰ ਕਰਨ ਦੀ ਕੀਤੀ ਕੋਸ਼ਿਸ਼: ਬਾਜਵਾ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਜੋ ਅੰਦੋਲਨ ਸੀ, ਉਸ ਦੌਰਾਨ ਸਰਕਾਰ ਨੇ ਇੰਨ੍ਹਾਂ ਦੀਆਂ ਮੰਗਾਂ ਮੰਨੀਆਂ ਸੀ, ਜਿਸ ਦੇ ਚੱਲਦੇ ਸਰਕਾਰ ਨੂੰ ਪਤਾ ਸੀ ਕਿ ਇਹ ਅੱਗੇ ਤਿਆਰੀ ਕਰਕੇ ਆਉੇਣਗੇ, ਜਿਸ ਦੇ ਚੱਲਦੇ ਇੰਨ੍ਹਾਂ ਕਿਸਾਨਾਂ 'ਚ ਵੀ ਪਾੜ ਪਾਉਣ ਦੀ ਕੋਸ਼ਿਸ਼ ਕੀਤੀ। ਜਿਸ 'ਚ ਸਭ ਤੋਂ ਵੱਧ ਭੂਮਿਕਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਇੰਨ੍ਹਾਂ ਦੇ ਅਫ਼ਸਰਾਂ ਨੇ ਨਿਭਾਈ ਅਤੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਦਾ ਚਿਹਰਾ ਨੰਗਾ ਹੋ ਚੁੱਕਿਆ ਤੇ ਕਾਂਗਰਸ ਉਨ੍ਹਾਂ ਨੂੰ ਟਿੱਕਣ ਨਹੀਂ ਦੇਵੇਗੀ ਤੇ ਲਗਾਤਾਰ ਕਿਸਾਨਾਂ ਦੀ ਆਵਾਜ਼ ਨੂੰ ਚੁੱਕਦੇ ਰਹਾਂਗੇ।
ਅੱਠ ਦਿਨਾਂ ਬਾਅਦ ਜ਼ੀਰੋ ਐਫਆਈਆਰ ਦਰਜ:ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਕਿ ਅਸੀਂ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਨਹੀਂ ਕੀਤਾ, ਸਗੋਂ ਉਨ੍ਹਾਂ ਤੋਂ ਮੰਗ ਕੀਤੀ ਕਿ ਭਾਜਪਾ ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੀ ਮੁਆਫ਼ੀ ਮੰਗਣ ਅਤੇ ਸਰਕਾਰ ਦੇ ਝੂਠ ਦੇ ਬਣਾਏ ਪੁਲੰਦੇ ਨੂੰ ਨਾ ਪੜਿਆ ਜਾਵੇ ਅਤੇ ਨਾਲ ਹੀ ਸ਼ਹੀਦ ਸ਼ੁੱਭਕਰਨ ਨੂੰ ਸ਼ਰਧਾਂਜਲੀ ਦਿੱਤੀ ਜਾਵੇ, ਜਿਸ ਨੂੰ ਉਨ੍ਹਾਂ ਸਵਿਕਾਰ ਕਰਦਿਆਂ ਰਜਾਪਾਲ ਭਾਸ਼ਣ ਪੜਨਾਂ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਅੱਠ ਦਿਨ ਬਾਅਦ ਮੁੱਖ ਮੰਤਰੀ ਨੇ ਜ਼ੀਰੋ ਐਫਆਈਆਰ ਦਰਜ ਕੀਤੀ ਹੈ ਤੇ ਜੇ ਜ਼ੀਰੋ ਹੀ ਕਰਨੀ ਸੀ ਤਾਂ ਉਸ ਦਿਨ ਹੀ ਕਿਉਂ ਨਹੀਂ ਕਰ ਦਿੱਤੀ ਗਈ।
ਕਿਸਾਨਾਂ ਨੂੰ ਦਿੱਤੇ ਜਾਣ ਹੱਕ:ਉਨ੍ਹਾਂ ਕਿਹਾ ਕਿ ਸ਼ੁੱਭਕਰਨ ਅੱਠ ਦਿਨ ਮਰਦਾ ਰਿਹਾ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਤੇ ਅਨਿਲ ਵਿੱਜ 'ਤੇ ਤੁਸੀਂ ਪਰਚਾ ਦਰਜ ਕਰੋ। ਉਨ੍ਹਾਂ ਕਿਹਾ ਕਿ ਜੇ ਜਾਂਚ ਹਰਿਆਣਾ ਨੇ ਹੀ ਕਰਨੀ ਸੀ ਤਾਂ ਪ੍ਰੀਤਪਾਲ ਸਿੰਘ ਦੇ ਮਾਮਲੇ ਦਾ ਕੀ ਬਣੇਗਾ, ਜਿਸ ਨਾਲ ਹਰਿਆਣਾ ਪੁਲਿਸ ਨੇ ਤਸ਼ੱਦਦ ਕੀਤਾ ਹੈ। ਜੋ ਉਹ ਖੁਦ ਦੱਸਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਤੋੜੇ ਗਏ ਤੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ, ਇਸ 'ਚ ਕਾਰਵਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮਸ਼ੀਨਾਂ ਤੱਕ ਰੋਕ ਲਈਆਂ ਪਰ ਹਰਿਆਣਾ ਨੇ ਬਾਰਡਰ ਬਣਾ ਦਿੱਤਾ ਤੇ ਕਿਸਾਨਾਂ ਉੱਤੇ ਭਾਰੀ ਤਸ਼ੱਦਦ ਹੋਇਆ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਤੇ ਹੋਰ ਕਿਸਾਨਾਂ 'ਤੇ ਹੋਏ ਤਸ਼ੱਦਦ ਨੂੰ ਲੈਕੇ ਹਰਿਆਣਾ ਪੁਲਿਸ ਤੇ ਅਨਿਲ ਵਿੱਜ 'ਤੇ ਨਾਮ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਜਾਨ ਗਵਾਉਣ ਵਾਲੇ ਹਰ ਇੱਕ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ।
ਪ੍ਰਗਟ ਸਿੰਘ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦਾ ਪੱਖ ਪੂਰ ਰਹੀ ਪੰਜਾਬ ਸਰਕਾਰ: ਉਧਰ ਸਦਨ 'ਚ ਜਾਣ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕੇਂਦਰ ਅਤੇ ਹਰਿਆਣਾ ਅੱਗੇ ਸਰੰਡਰ ਕਰ ਚੁੱਕੀ ਹੈ ਅਤੇ ਅੱਠ ਦਿਨ ਬਾਅਦ ਇੱਕ ਐਫਆਈਆਰ ਦਰਜ ਕੀਤੀ ਗਈ, ਜਿਸ ਦਾ ਕੋਈ ਸਿਰ ਮੂੰਹ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਸਰਕਾਰ ਭਾਜਪਾ ਦਾ ਪੱਖ ਪੂਰਦੀ ਹੋਈ ਕਿਸਾਨਾਂ ਨਾਲ ਕਿਤੇ ਖੜੀ ਨਜ਼ਰ ਨਹੀਂ ਆ ਰਹੀ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਇਸ ਦਾ ਕਾਂਗਰਸ ਨੋਟਿਸ ਲਵੇਗੀ ਤੇ ਇਹ ਸਰਕਾਰ ਡਰਾਮੇਬਾਜ਼ਾਂ ਦੀ ਸਰਕਾਰ ਹੈ ਜੋ ਹਰ ਦਸ ਦਿਨਾਂ ਬਾਅਦ ਯੂ ਟਰਨ ਮਾਰਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਵਲੋਂ ਕਿਸਾਨਾਂ ਅਤੇ ਕੇਂਦਰ ਵਿਚਾਲੇ ਵਕੀਲ ਬਣਨ ਦੀ ਗੱਲ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਇੱਕ ਵਕਾਲਤ ਕਰਨੀ ਹੁੰਦੀ ਹੈ ਤੇ ਇੱਕ ਦਲਾਲੀ ਕਰਨੀ ਹੁੰਦੀ ਹੈ ਤੇ ਇਸ ਤੋਂ ਵੱਧ ਉਹ ਕੁਝ ਨਹੀਂ ਕਹਿ ਸਕਦੇ।