ਬਠਿੰਡਾ: ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਲੈ ਕੇ ਵਰਤੀ ਗਈ ਭਾਸ਼ਾ ਦੇ ਖਿਲਾਫ ਕਾਂਗਰਸ ਵੱਲੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਬਠਿੰਡਾ ਦੇ ਮਿੰਨੀ ਸਕੱਤਰੇਤ ਨੇੜੇ ਡਾਕਟਰ ਭੀਮ ਰਾਓ ਅੰਬੇਡਕਰ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸ ਦੇ ਵਰਕਰਾਂ ਵੱਲੋਂ ਅਮਿਤ ਸ਼ਾਹ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਕਾਂਗਰਸ ਵਲੋਂ ਅਮਿਤ ਸ਼ਾਹ ਖਿਲਾਫ਼ ਪ੍ਰਦਰਸ਼ਨ (Etv Bharat ਪੱਤਰਕਾਰ ਬਠਿੰਡਾ) ਕਿਸਾਨੀ ਮੰਗਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼
ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਦਲਿਤ ਸੈਨਾ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸੈਕਟਰੀ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ। ਇਸੇ ਦੇ ਚੱਲਦੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਖਿਲਾਫ਼ ਅਜਿਹੇ ਸ਼ਬਦ ਵਰਤੇ ਗਏ ਹਨ, ਜੋ ਨਾ ਸਹਿਣ ਯੋਗ ਹਨ। ਉਹਨਾਂ ਕਿਹਾ ਕਿ ਅਜਿਹੇ ਸ਼ਬਦ ਵਰਤ ਕੇ ਭਾਜਪਾ ਲੋਕਾਂ ਦਾ ਧਿਆਨ ਭੜਕਾਉਣਾ ਚਾਹੁੰਦੀ ਹੈ ਕਿਉਂਕਿ ਲਗਾਤਾਰ ਕਾਂਗਰਸ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਵਿਚਲੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਲਾਇਆ ਜਾ ਰਿਹਾ ਸੀ ਅਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ
ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਲੋਕਾਂ ਦਾ ਧਿਆਨ ਬਦਲਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ। ਜਿਸ ਨਾਲ ਦਲਿਤ ਭਾਈਚਾਰੇ ਦੇ ਮਨਾਂ ਵਿੱਚ ਠੇਸ ਪਹੁੰਚੀ ਹੈ। ਇਸ ਦੇ ਚੱਲਦੇ ਹੁਣ ਦੇਸ਼ ਭਰ ਦੇ ਵਿੱਚ ਕਾਂਗਰਸ ਵੱਲੋਂ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਹ ਮੈਮੋਰੰਡਮ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ ਅਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿੰਨਾ ਸਮਾਂ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਖਿਲਾਫ ਵਰਤੀ ਗਈ ਭਾਸ਼ਾ ਨੂੰ ਲੈ ਕੇ ਮੁਆਫੀ ਨਹੀਂ ਮੰਗੀ ਜਾਂਦੀ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ।