ਚੰਡੀਗੜ੍ਹ:ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਜਿਸ 'ਚ ਅੱਜ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੀ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਚੱਬੇਵਾਲ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਾਰਟੀ ਵਿੱਚ ਸ਼ਾਮਿਲ ਕਰਵਾਉਣਗੇ। ਉਹ ਇੱਕ ਦਲਿਤ ਚਿਹਰਾ ਹਨ ਅਤੇ ਅਨੁਸੂਚਿਤ ਜਾਤੀ ਦੀ ਸੀਟ ਤੋਂ ਚੋਣ ਜਿੱਤਕੇ ਵਿਧਾਨ ਸਭਾ ਪਹੁੰਚੇ ਹਨ। ਜਿਸ ਤੋਂ ਬਾਅਦ ਚਰਚਾ ਹੈ ਕਿ ਆਮ ਆਦਮੀ ਪਾਰਟੀ ਚੱਬੇਵਾਲ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ।
ਸਰਕਾਰ ਖਿਲਾਫ਼ ਲੈਕੇ ਗਏ ਸੀ ਵਿਧਾਨਸਭਾ 'ਚ ਕਰਜ਼ੇ ਦੀ ਪੰਡ: ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਬਜਟ ਇਜਲਾਸ ਦੌਰਾਨ ਡਾ. ਰਾਜ ਕੁਮਾਰ ਚੱਬੇਵਾਲ ਉਸ ਵੇਲੇ ਮੀਡੀਆ ਵਿੱਚ ਚਰਚਾਵਾਂ ਦਾ ਵਿਸ਼ਾ ਬਣੇ ਸਨ। ਜਦੋਂ ਉਹਨਾਂ ਨੇ ਭਗਵੰਤ ਮਾਨ ਸਰਕਾਰ ਦਾ ਵਿਰੋਧ ਕਰਦਿਆਂ ਆਪਣੇ ਸਿਰ 'ਤੇ ਕਰਜ਼ੇ ਦੀ ਪੰਡ ਚੁੱਕ ਕੇ ਸਦਨ ਪਹੁੰਚੇ ਸਨ। ਉਹਨਾਂ ਦਾ ਇਲਜ਼ਾਮ ਸੀ ਕਿ ਸਰਕਾਰ ਕਰਜ਼ ਲੈਕੇ ਪੰਜਾਬ ਦੇ ਲੋਕਾਂ ਸਿਰ ਵਾਧੂ ਬੋਝ ਪਾ ਰਹੀ ਹੈ। ਗੌਰਤਲਬ ਹੈ ਕਿ ਇਸ ਘਟਨਾ ਦੇ ਥੋੜ੍ਹੇ ਦਿਨਾਂ ਬਾਅਦ ਹੀ ਅੱਜ ਚੱਬੇਵਾਲ ਉਸੇ ਸਰਕਾਰ ਦੀ ਪਾਰਟੀ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹਨ।
ਚੱਬੇਵਾਲ ਦਾ ਸਿਆਸੀ ਸਫ਼ਰ:ਰਾਜ ਕੁਮਾਰ ਚੱਬੇਵਾਲ ਸਾਲ 2009 ਵਿੱਚ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਏ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣਾਇਆ ਗਿਆ ਸੀ। ਜਿੱਥੋ ਉਹਨਾਂ ਨੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੇ ਮੁੜ ਪਾਰਟੀ ਦਾ ਵਿਸ਼ਵਾਸ ਹਾਸਿਲ ਕੀਤਾ ਅਤੇ ਚੋਣ ਜਿੱਤ ਕੇ ਮੁੜ ਵਿਧਾਨ ਸਭਾ ਪਹੁੰਚੇ।
ਹੁਣ ਤੱਕ ਲੋਕ ਸਭਾ ਲਈ ਐਲਾਨ ਚੁੱਕੀ 8 ਉਮੀਦਵਾਰ:ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਨੇ ਬੀਤੇ ਦਿਨੀਂ ਲੋਕ ਸਭਾ ਚੋਣਾਂ ਲਈ ਆਪਣੇ ਅੱਠ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਿੰਨ੍ਹਾਂ 'ਚ ਪੰਜਾਬ ਕੈਬਨਿਟ ਮੰਤਰੀਆਂ ਦੇ ਨਾਂ ਸ਼ਾਮਲ ਹੈ। ਜਿੰਨ੍ਹਾਂ 'ਚ ਕੁਲਦੀਪ ਧਾਲੀਵਾਲ, ਲਾਲਜੀਤ ਭੁੱਲਰ, ਗੁਰਮੀਤ ਸਿੰਘ ਖੁੱਡੀਆਂ, ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਬਲਬੀਰ ਸਿੰਘ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਜਲੰਧਰ ਤੋਂ ਮੁੜ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜੋ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਤੋਂ 'ਆਪ' 'ਚ ਗਏ ਸਨ। ਇਸ ਤੋਂ ਇਲਾਵਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਮੈਦਾਨ 'ਚ ਉਤਾਰਿਆ ਹੈ, ਜੋ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਹਨ। ਹੁਣ ਇੱਕ ਹੋਰ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ 'ਆਪ' 'ਚ ਜਾ ਰਹੇ ਹਨ। ਜਿਸ ਤੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਇੰਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ।