ਅੰਮ੍ਰਿਤਸਰ: ਬਰੇਲੀ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੂਫਾਨੀ ਫੇਰੀ ਦੌਰਾਨ ਮਹਾਰਾਸ਼ਟਰ ਤੋਂ ਰਾਤ ਸਮੇਂ ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਮਹੌਲ ਦਰਮਿਆਨ ਪਹੁੰਚੇ। ਰਾਹੁਲ ਗਾਂਧੀ ਨੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੂੰ ਨਾਲ ਲਿਆ ਅਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ, ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮਗਰੋਂ ਰਾਹੁਲ ਗਾਂਧੀ ਨੇ ਜਿੱਥੇ ਜੋੜਾ ਘਰ ਵਿੱਚ ਸੇਵਾ ਕੀਤੀ ਉੱਥੇ ਹੀ ਉਨ੍ਹਾਂ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਵਿੱਚ ਵੀ ਹਿੱਸਾ ਪਾਇਆ।
ਕੀਤੀ ਜੋੜਿਆਂ ਅਤੇ ਜਲ ਦੀ ਸੇਵਾ (ETV BHARAT PUNJAB (ਪੱਤਰਕਾਰ,ਅੰਮ੍ਰਿਤਸਰ)) ਸੇਵਾ ਕਰਨ ਸਮੇਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਦੱਸ ਦਈਏ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਪਹੁੰਚੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੱਥਾ ਟੇਕਣ ਮਗਰੋਂ ਕਾਫੀ ਸਮਾਂ ਸ੍ਰੀ ਦਰਬਾਰ ਸਾਹਿਬ ਅੰਦਰ ਬਿਤਾਇਆ। ਭਾਵੇਂ ਇਸ ਸਮੇਂ ਉਨ੍ਹਾਂ ਨਾਲ ਸੁਰੱਖਿਆ ਕਾਫੀ ਵੱਡੇ ਪੱਧਰ ਉੱਤੇ ਮੌਜੂਦ ਸੀ ਪਰ ਰਾਹੁਲ ਗਾਂਧੀ ਨੇ ਫਿਰ ਵੀ ਜੋੜਾ ਘਰ ਵਿੱਚ ਜੁੱਤੀਆਂ ਸਾਫ ਕਰਨ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੂਰੇ ਆਦਰ ਸਤਿਕਾਰ ਨਾਲ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਵੀ ਕੀਤੀ। ਇਸ ਦੌਰਾਨ ਕਾਂਗਰਸ ਦੀ ਪੰਜਾਬ ਇਕਾਈ ਦੇ ਲੀਡਰ ਵੀ ਉਨ੍ਹਾਂ ਦੇ ਨਾਲ-ਨਾਲ ਰਹੇ ਅਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਵੀ ਆਪਣਾ ਫਰਜ਼ ਨਿਭਾਇਆ। ਕਾਂਗਰਸ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਰਾਹੁਲ ਗਾਂਧੀ ਵੱਲੋਂ ਸੇਵਾ ਕੀਤੇ ਜਾਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।
ਰਾਹੁਲ ਗਾਂਧੀ ਨਾਲ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ
ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਫੇਰੀ ਉੱਤੇ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਵਿਖੇ ਮੱਥਾ ਟੇਕਣ ਦਾ ਵਿਚਾਰ ਬਣਾਇਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਸੇਵਾ ਵੀ ਕੀਤੀ। ਔਜਲਾ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਬਹੁਤ ਹੀ ਅਦਬ ਸਤਿਕਾਰ ਨਾਲ ਸੰਗਤ ਦੀ ਸੇਵਾ ਇੱਕ ਆਮ ਆਦਮੀ ਦੇ ਰੂਪ ਵਿੱਚ ਕੀਤੀ ਹੈ। ਰਾਹੁਲ ਗਾਂਧੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਨੇ ਅੱਜ ਰੁਹਾਨੀਅਤ ਦੇ ਕੇਂਦਰ ਵਿੱਚ ਹਾਜ਼ਰੀ ਲਵਾਈ ਹੈ।