ਈਟੀਵੀ ਭਾਰਤ ਉੱਤੇ ਬੋਲੇ ਪਰਗਟ ਸਿੰਘ, ਕਿਹਾ- ਅਜਿਹੇ ਨੂੰ ਲੋਕ ਹੀ ਨਕਾਰ ਦਿੰਦੇ ਨੇ ਚੰਡੀਗੜ੍ਹ: ਪੰਜਾਬ ਦੀ ਸਿਆਸਤ ਲਈ, ਖਾਸਕਰ ਪੰਜਾਬ ਕਾਂਗਰਸ ਲਈ ਬੀਤੇ ਮੰਗਲਵਾਰ ਦਾ ਦਿਨ ਯਾਦ ਰੱਖਣਯੋਗ ਰਿਹਾ ਹੈ। ਰਵਨੀਤ ਸਿੰਘ ਬਿੱਟੂ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਅਤੇ ਪਿਛਲੇ ਕਰੀਬ 11-12 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ, ਨੇ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦਾ ਕਮਲ ਫੜ੍ਹ ਲਿਆ। ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹੈਰਾਨ ਰਹਿ ਗਈ, ਕਿਉਂਕਿ ਉਨ੍ਹਾਂ ਨੂੰ ਅਜਿਹਾ ਹੋਣ ਬਾਰੇ 1 ਫੀਸਦੀ ਵੀ ਅੰਦਾਜਾ ਨਹੀਂ ਸੀ। ਯਾਨੀ ਕਾਂਗਰਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਬਿੱਟੂ ਦਿੱਲੀ ਵਿਖੇ ਭਾਜਪਾ ਵਿੱਚ ਸ਼ਾਮਲ ਹੋਣ (Bittu Joined BJP) ਜਾ ਰਹੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਨੂੰ ਲੈ ਕੇ ਕਾਂਗਰਸ ਦੇ ਨੇਤਾਵਾਂ ਦੇ ਰਿਐਕਸ਼ਨ ਵੀ ਸਾਹਮਣੇ ਆਏ।
ਬਿੱਟੂ ਲਗਾਤਾਰ ਹਾਰ ਰਹੇ ਸੀ:ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਭੁਪਿੰਦਰ ਜਿਸਟੂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਪਰਗਟ ਸਿੰਘ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਉਹ ਭਾਜਪਾ ਵਿੱਚ ਚਲੇ ਗਏ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਲੁਧਿਆਣਾ ਤੋਂ ਜਿੱਤਦੇ ਨਹੀਂ ਸੀ, ਲਗਾਤਾਰ ਹਾਰ ਮਿਲੀ ਹੈ, ਇਸੇ ਲਈ ਉਹ ਭੱਜੇ ਹਨ। ਪਰਗਟ ਸਿੰਘ ਨੇ ਕਿਹਾ ਕਿ ਅਜਿਹੇ ਵਿੱਚ ਲੋਕਾਂ ਨੂੰ ਹੀ ਨਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਨੂੰ ਬਿੱਟੂ ਦੇ ਇਸ ਇਰਾਦੇ ਦੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਟਿਕਟ ਨੂੰ ਲੈ ਕੇ ਵੀ ਕੋਈ ਗੱਲਬਾਤ ਨਹੀਂ ਸੀ।
ਜ਼ਿਕਰਯੋਗ ਹੈ ਕਿ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਬਿੱਟੂ ਨੇ ਮੰਗਲਵਾਰ ਨੂੰ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਬਿੱਟੂ ਦਿੱਲੀ ਭਾਜਪਾ ਦਫ਼ਤਰ ਜਾ ਕੇ ਭਾਜਪਾ ਵਿੱਚ ਸ਼ਾਮਲ ਹੋਏ। ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ, ਜੋ 2009 ਵਿੱਚ ਪਹਿਲੀ ਵਾਰ ਅਨੰਦਪੁਰ ਸੀਟ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ। ਰਵਨੀਤ ਬਿੱਟੂ ਸਾਲ 2014 ਤੋਂ ਲੈ ਕੇ ਸਾਲ 2024 ਤੱਕ ਲੁਧਿਆਣਾ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਰਹੇ, ਪਰ ਬੀਤੇ ਮੰਗਲਵਾਰ ਭਾਜਪਾ ਦਫਤਰ ਜਾ ਕੇ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ੍ਹਿਆ।
ਭਾਜਪਾ 'ਚ ਸ਼ਾਮਲ ਹੋਣ ਦੇ ਕਾਰਨਾਂਬਾਰੇ ਦੱਸਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ, ''ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਮੇਰਾ ਡੂੰਘਾ ਰਿਸ਼ਤਾ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਜੀ, ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ। ਮੈਂ ਸਿਰਫ ਇੱਕ ਗੱਲ ਕਹਾਂਗਾ ਕਿ ਮੈਂ ਇੱਕ ਸ਼ਹੀਦ ਪਰਿਵਾਰ ਵਿੱਚੋਂ ਹਾਂ। ਮੇਰੇ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਸਨ। ਪੰਜਾਬ ਨੇ ਹਨੇਰੇ ਦਾ ਸਮਾਂ ਦੇਖਿਆ ਹੈ ਅਤੇ ਇਹ ਵੀ ਦੇਖਿਆ ਹੈ ਕਿ ਇਸ ਨੂੰ ਕਿਵੇਂ ਠੀਕ ਕਰਨਾ ਹੈ। ਪੀਐਮ ਮੋਦੀ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਾਕੀ ਰਾਜ ਤਰੱਕੀ ਕਰ ਗਏ ਹਨ, ਪਰ ਪੰਜਾਬ ਵਿੱਚ ਇੱਕ ਪਾੜਾ ਰਹਿ ਗਿਆ ਹੈ ਜਿੱਥੇ ਇੱਕ ਪੁਲ ਦੀ ਜ਼ਰੂਰਤ ਹੈ।"