ਕਾਂਗਰਸ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ (ਈਟੀਵੀ ਭਾਰਤ (ਪੱਤਰਕਾਰ)) ਲੁਧਿਆਣਾ: ਅੱਜ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਵਸ ਦੁਨੀਆਂ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਨੇ ਕਾਫੀ ਸਮਾਂ ਬਿਤਾਇਆ ਸੀ, ਉਹਨਾਂ ਦਾ ਜੱਦੀ ਘਰ ਲੁਧਿਆਣਾ ਦੇ ਨੌਘਰਾਂ ਦੇ ਵਿੱਚ ਸਥਿਤ ਹੈ। ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਸ਼ਹੀਦ ਦੇ ਵੰਸ਼ਜਾਂ ਵੱਲੋਂ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ। ਉੱਥੇ ਹੀ ਅੱਜ ਸਵੇਰੇ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ 'ਤੇ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਅਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ।
ਨਹੀਂ ਮਿਲਿਆ ਹੁਣ ਤੱਕ ਸ਼ਹੀਦ ਦਾ ਦਰਜਾ: ਜਿੱਥੇ ਉਹਨਾਂ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਾਨੂੰ ਖੁਦ 'ਤੇ ਸ਼ਰਮਿੰਦਾ ਹੋਣਾ ਪੈਂਦਾ ਹੈ, ਜਦੋਂ ਪਤਾ ਲੱਗਦਾ ਹੈ ਕਿ ਅੱਜ ਵੀ ਸਾਡੇ ਸ਼ਹੀਦਾਂ ਨੂੰ ਉਹ ਮਾਨ ਸਨਮਾਨ ਨਹੀਂ ਮਿਲ ਸਕਿਆ, ਜੋ ਮਿਲਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਅੱਜ ਅਜਿਹੇ ਜਿਗਰੇ ਵਾਲੇ ਲੋਕ ਨਹੀਂ ਹਨ, ਜਿੰਨਾਂ ਜਿਗਰਾ ਉਹਨਾਂ ਦਾ ਸੀ। ਉਹਨਾਂ ਕਿਹਾ ਕਿ ਭਾਵੇਂ ਸਾਡੀ ਸਰਕਾਰ ਵੀ ਰਹੀ ਹੈ ਪਰ ਜੋ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਰਸਤੇ ਦਾ ਮੁੱਦਾ ਹੈ, ਹਾਲੇ ਤੱਕ ਹੱਲ ਨਹੀਂ ਹੋਇਆ। ਉਹਨਾਂ ਕਿਹਾ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਪਰ ਸ਼ਹੀਦ ਦਾ ਦਰਜਾ ਦੇਣਾ ਕੇਂਦਰ ਸਰਕਾਰ ਦਾ ਕੰਮ ਸੀ ਜੋ ਉਹਨਾਂ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਜੇਕਰ ਉਹ ਮੈਂਬਰ ਪਾਰਲੀਮੈਂਟ ਬਣਦੇ ਹਨ ਤਾਂ ਉਹ ਇਹਨਾਂ ਮੁੱਦਿਆਂ 'ਤੇ ਜ਼ਰੂਰ ਲੋਕ ਸਭਾ ਦੇ ਵਿੱਚ ਚੁੱਕਣਗੇ।
ਜੋਸ਼ ਭਰਦੀ ਹੈ ਸ਼ਹਾਦਤ:ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਸ਼ਹੀਦਾਂ ਦੇ ਕਰਕੇ ਹੀ ਅਸੀਂ ਅੱਜ ਆਜ਼ਾਦ ਹੋਏ ਹਾਂ। ਉਹਨਾਂ ਕਿਹਾ ਕਿ ਇਸ ਥਾਂ ਦੇ ਵਿੱਚ ਕੋਈ ਨਾ ਕੋਈ ਰੂਹਾਨੀ ਤਾਕਤ ਜ਼ਰੂਰ ਹੈ, ਜਦੋਂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ਤਾਂ ਅੰਦਰ ਜੋਸ਼ ਆਉਂਦਾ ਹੈ ਅਤੇ ਤੁਹਾਡੇ ਲੂਕੰਡੇ ਖੜੇ ਹੋ ਜਾਂਦੇ ਹਨ, ਜਦੋਂ ਉਹਨਾਂ ਦੀ ਸ਼ਹਾਦਤ ਬਾਰੇ ਸੁਣਦੇ ਹਾਂ। ਉਹਨਾਂ ਕਿਹਾ ਕਿ ਮੈਨੂੰ ਇੱਥੇ ਆ ਕੇ ਪਤਾ ਲੱਗਾ ਹੈ ਕਿ ਬਿਜਲੀ ਦਾ ਬਿੱਲ ਵੀ ਇਸ ਰਿਹਾਇਸ਼ ਦਾ ਪਰਿਵਾਰ ਵੱਲੋਂ ਅਦਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਕਾਫੀ ਹੈਰਾਨੀ ਵਾਲੀ ਗੱਲ ਹੈ, ਇਹ ਮੁੱਦਾ ਹਾਲੇ ਤੱਕ ਸਾਹਮਣੇ ਕਿਉਂ ਨਹੀਂ ਆਇਆ। ਉਹਨਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਉਹ ਇਸ ਕਰਕੇ ਵੀ ਪਰੇਸ਼ਾਨ ਹਨ ਕਿਉਂਕਿ ਉਹਨਾਂ ਦੀ ਵੀ ਸਰਕਾਰ ਪੰਜ ਸਾਲ ਰਹੀ ਹੈ।
ਲੋਕ ਸਭਾ 'ਚ ਚੁੱਕਣਗੇ ਮੁੱਦਾ: ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅੱਜ ਤੱਕ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਨਹੀਂ ਕੇਂਦਰ ਦੀ ਭਾਜਪਾ ਸਰਕਾਰ ਦਾ ਕੰਮ ਸੀ, ਪਰ ਉਹਨਾਂ ਕਿਹਾ ਕਿ ਸਾਡੀ ਸਰਕਾਰ ਜੇਕਰ ਬਣਦੀ ਹੈ ਤਾਂ ਉਹ ਇਹ ਮੁੱਦਾ ਜ਼ਰੂਰ ਚੁੱਕਣਗੇ। ਦਿੱਲੀ ਸੀਐਮ ਰਿਹਾਇਸ਼ ਵਿਖੇ ਥੱਪੜ ਮਾਰਨ ਦੇ ਮੁੱਦੇ 'ਤੇ ਵੀ ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਭਾਵੇਂ ਕੋਈ ਵੀ ਹੋਵੇ, ਕਿਸੇ 'ਚ ਗੁੱਸਾ ਹੋਵੇ ਹਰ ਕਿਸੇ ਦਾ ਆਪਣਾ ਮਾਨ ਸਨਮਾਨ ਹੈ। ਉਹਨਾਂ ਨੇ ਇਸ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ।