ਬਰਨਾਲਾ:ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਰਨਾਲਾ ਪ੍ਰਸ਼ਾਸ਼ਨ ਵਲੋਂ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵਾਈ ਐਸ ਕਾਲਜ ਹੰਡਿਆਇਆ ਵਿਖੇ ਵਿਦਿਆਰਥੀਆਂ ਦੇ ਨੁੱਕੜ ਨਾਟਕ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਹਨਾ ਮੁਕਾਬਲਿਆਂ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਨੁੱਕੜ ਨਾਟਕ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕਿਹਾ ਕਿ ਹਰ ਵੋਟਰ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ, ਇਸ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਥੇ ਥੀਏਟਰ ਅਧਿਆਪਕ ਨੇ ਕਿਹਾ ਕਿ ਕਲਾ ਦੇ ਮਾਧਿਅਮ ਰਾਹੀਂ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਗਰੂਕ ਕੀਤਾ ਜਾ ਸਕਦਾ ਹੈ। ਨੌਜਵਾਨ ਕਲਾਕਾਰਾਂ ਨੇ ਕਿਹਾ ਕਿ ਉਹ ਖ਼ੁਦ ਵੀ ਪਹਿਲੀ ਦਫ਼ਾ ਵੋਟ ਪਾਉਣਗੇ ਅਤੇ ਨਾਟਕ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਵਾਈ ਐਸ ਕਾਲਜ ਵਿੱਚ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ : ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਵਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਵੋਟਰ ਆਪਣੀ ਵੋਟ ਦਾ ਸਹੀ ਤਰ੍ਹਾ ਨਾਲ ਇਸਤੇਮਾਲ ਕਰ ਸਕਣ। ਬਰਨਾਲਾ ਜਿਲ੍ਹੇ ਵਿੱਚ ਵੀ ਵੋਟਰਾਂ ਨੂੰ ਜਾਗਰੂਕਤਾ ਕਰਨ ਲਈ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਸ ਤਹਿਤ ਅੱਜ ਬਰਨਾਲਾ ਦੇ ਵਾਈ ਐਸ ਕਾਲਜ ਵਿੱਚ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾ ਕਿਸੇ ਡਰ ਅਤੇ ਲਾਲਚ ਦੇ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਲੋਕਤੰਤਰ ਹੋਰ ਮਜਬੂਤ ਹੋ ਸਕੇ। ਉਹਨਾਂ ਕਿਹਾ ਕਿ 1 ਜੂਨ ਨੂੰ ਪੰਜਾਬ ਵਿੱਚ ਲੋਕ ਸਭਾ ਦੀ ਚੋਣ ਲਈ ਵੋਟਾ ਪੈਣਗੀਆਂ। ਜਿਸ ਲਈ ਜਿਲ੍ਹਾ ਬਰਨਾਲਾ ਦੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕਰਦੇ ਹਾਂ। ਉਹਨਾਂ ਕਿਹਾ ਕਿ ਅੱਜ ਬੱਚਿਆਂ ਨੇ ਬਹੁਤ ਵਧੀਆ ਨਾਟਕਾ ਦੇ ਤਰੀਕੇ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ। ਬੱਚਿਆਂ ਵਲੋਂ ਬਹੁਤ ਸੁੰਦਰ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ।