ਹੁਸ਼ਿਆਰਪੁਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਵਿੱਚਰਵਾਰ ਨੂੰ ਐਲਾਨ ਕੀਤਾ ਕਿ ਉਹ ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਪ੍ਰਚਾਰ ਦੀ ਅਗਵਾਈ ਕਰਨਗੇ ਅਤੇ ਪਾਰਟੀ ਉਮੀਦਵਾਰ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣਗੇ।
'ਸੂਬਾ ਸਰਕਾਰ ਨੇ ਕਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ ਹਨ':ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਬਾਰੇ ਦੱਸ ਕੇ ਪਾਰਟੀ ਉਮੀਦਵਾਰ ਲਈ ਨਿੱਜੀ ਤੌਰ 'ਤੇ ਵੋਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ ਹਨ, ਜਿਸ ਕਾਰਨ ਲੋਕ ਜ਼ਿਮਨੀ ਚੋਣ ਵਿੱਚ ਪਾਰਟੀ ਨੂੰ ਵੋਟਾਂ ਪਾਉਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਜ਼ਿਮਨੀ ਚੋਣ ਵਿਚ ਪਾਰਟੀ ਉਮੀਦਵਾਰ ਦੀ ਜ਼ਬਰਦਸਤ ਜਿੱਤ ਯਕੀਨੀ ਬਣਾਉਣਗੇ।
'ਆਉਣ ਵਾਲੇ ਦਿਨ੍ਹਾਂ 'ਚ ਜਲੰਧਰ 'ਚ ਲਾਵਾਂਗੇ ਪੱਕੇ ਡੇਰੇ':ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਪੱਕੇ ਡੇਰੇ ਲਾਉਣਗੇ ਤਾਂ ਜੋ ਪਾਰਟੀ ਇਸ ਸੀਟ ਨੂੰ ਇਤਿਹਾਸਕ ਫ਼ਰਕ ਨਾਲ ਜਿੱਤ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਜਲੰਧਰ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਤੋਂ ਪਾਰਟੀ ਦੀ ਚੋਣ ਮੁਹਿੰਮ ਦੀ ਰਣਨੀਤੀ ਬਣਾਉਣਗੇ।
ਉਨ੍ਹਾਂ ਕਿਹਾ ਕਿ ਉਹ ਹਫ਼ਤੇ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਦਿਨ ਇਸ ਘਰ ਵਿੱਚ ਰਹਿਣਗੇ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ।
'ਲੋਕਾਂ ਦੀਆਂ ਸ਼ਿਕਾਇਤਾਂ ਦੇ ਕਰਾਂਗੇ ਫੌਰੀ ਨਿਪਟਾਰੇ': ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਵੀ ਇਹ ਘਰ ਦੋਆਬਾ ਅਤੇ ਮਾਝਾ ਖੇਤਰ ਦੇ ਵਾਸੀਆਂ ਲਈ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਖੇਤਰਾਂ ਦੇ ਵਸਨੀਕ ਆਪਣੇ ਰੁਟੀਨ ਦੇ ਕੰਮ ਕਰਵਾਉਣ ਲਈ ਇਸ ਕੈਂਪ ਦਫ਼ਤਰ ਵਿਖੇ ਆ ਸਕਦੇ ਹਨ।