ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫ਼ਲਾ ਰੋਕ ਵਧਾਇਆ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਦਾ ਹੌਂਸਲਾ ਬਰਨਾਲਾ: ਪਿਛਲੇ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚਲੇ ਹਾਦਸਿਆਂ ਦੌਰਾਨ ਜਾਣ ਵਾਲੀਆਂ ਜਾਨਾਂ ਨੂੰ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦੇ ਚੱਲਦੇ ਅਲੱਗ ਤੋਂ ਇੱਕ ਫੋਰਸ ਬਣਾਈ ਗਈ ਤੇ ਉਨ੍ਹਾਂ ਨੂੰ ਸਹੂਲਤਾਂ ਨਾਲ ਲੈਸ ਗੱਡੀਆਂ ਦਿੱਤੀਆਂ ਗਈਆਂ। ਇਸ ਵਿਚਾਲੇ ਅੱਜ ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਨੈਸ਼ਨਲ ਹਾਈਵੇਅ ‘ਤੇ ਅਚਾਨਕ ਰੁਕ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਕਾਫ਼ਲੇ ਨੂੰ ਰੋਕਣ ਤੋਂ ਬਾਅਦ ਗੱਲਬਾਤ ਕੀਤੀ। ਞ
ਮੁੱਖ ਮੰਤਰੀ ਮਾਨ ਨੇ ਮੁਲਾਜ਼ਮਾਂ ਦਾ ਵਧਾਇਆ ਹੌਂਸਲਾ: ਮੁੱਖ ਮੰਤਰੀ ਮਾਨ ਨੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਤੋਂ ਆਪਣੇ ਵਾਹਨਾਂ ਵਿੱਚ ਲੋਕਾਂ ਨੂੰ ਦੇਣ ਲਈ ਸਹੂਲਤਾਂ ਸਬੰਧੀ ਜਾਣਕਾਰੀ ਲਈ। ਭਗਵੰਤ ਮਾਨ ਨੇ ਕਾਰ ਵਿੱਚ ਰੱਖਿਆ ਸਟ੍ਰੈਚਰ ਅਤੇ ਫਸਟ ਏਡ ਕਿੱਟ ਨੂੰ ਵੀ ਗਹੁ ਨਾਲ ਦੇਖਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵਤ ਮਾਨ ਨੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਫੋਰਸ ਵਿੱਚ ਹੋਰ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਉਨ੍ਹਾਂ ਦੀ ਕਾਰ ਨੇੜੇ ਰੁਕਿਆ। ਉਨ੍ਹਾਂ ਨੇ ਇਸ ਤਰੀਕੇ ਨਾਲ ਕਾਫਲੇ ਨੂੰ ਰੋਕ ਕੇ ਮਨੋਬਲ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ।
ਗਸ਼ਤ ਦੌਰਾਨ CM ਕਾਫਲੇ ਨੇ ਰੋਕੀ ਗੱਡੀ: ਇਸ ਮੌਕੇ ਗੱਲਬਾਤ ਕਰਦਿਆਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਤਪਾ ਮੰਡੀ ਤੋਂ ਲੈ ਕੇ ਬਰਨਾਲਾ ਬਾਈਪਾਸ ਤੱਕ ਬਠਿੰਡਾ ਚੰਡੀਗੜ੍ਹ ਹਾਈਵੇਅ 'ਤੇ ਹੈ। ਅੱਜ ਦੁਪਹਿਰ 2:30 ਵਜੇ ਦੇ ਕਰੀਬ ਉਹ ਬਠਿੰਡਾ ਚੰਡੀਗੜ੍ਹ ਹਾਈਵੇਅ 'ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੇ ਰੋਕ ਲਿਆ। ਕਾਰ ਤੋਂ ਉਤਰ ਕੇ ਸੀਐਮ ਮਾਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇੱਕ ਵਾਰ ਸੀਐਮ ਦੇ ਕਾਫ਼ਲੇ ਨੂੰ ਰੁਕਦਿਆਂ ਦੇਖ ਕੇ ਉਹ ਡਰ ਗਏ ਪਰ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣਾ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ।
ਫੋਰਸ 'ਚ ਹੋਰ ਮੁਲਾਜ਼ਮਾਂ ਦੀ ਭਰਤੀ ਦਾ ਭਰੋਸਾ: ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਵਿੱਚ ਸਹੂਲਤਾਂ ਸਬੰਧੀ ਜਾਣਕਾਰੀ ਲਈ ਅਤੇ ਸਾਡੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਡੇ ਵਾਹਨਾਂ 'ਚ ਮੁਹੱਈਆ ਕਰਵਾਈ ਫਸਟ ਏਡ ਕਿੱਟ ਤੋਂ ਇਲਾਵਾ ਲੋਕਾਂ ਦੇ ਵਾਹਨਾਂ ਦੇ ਖਰਾਬ ਹੋਣ 'ਤੇ ਦਿੱਤੀ ਜਾਣ ਵਾਲੀ ਮੱਦਦ ਬਾਰੇ ਵੀ ਜਾਣਕਾਰੀ ਲਈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਪਹਿਲੇ ਪੜਾਅ ਵਿੱਚ ਰੋਡ ਸੇਫਟੀ ਫੋਰਸ ਵਿੱਚ 1300 ਮੁਲਾਜ਼ਮ ਭਰਤੀ ਕੀਤੇ ਗਏ ਹਨ। ਜਿਸ ਤੋਂ ਬਾਅਦ ਇਸ ਫੋਰਸ ਵਿੱਚ 5000 ਦੇ ਕਰੀਬ ਹੋਰ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਤਰ੍ਹਾਂ ਰੋਕ ਕੇ ਉਨ੍ਹਾਂ ਦਾ ਹੌਸਲਾ ਵਧਾਉਣ ਦੀ ਤਾਰੀਫ਼ ਵੀ ਕੀਤੀ।