ਚੰਡੀਗੜ੍ਹ: ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 78ਵੇਂ ਅਜ਼ਾਦੀ ਦਿਹਾੜੇ ਦੀ ਪੂਰਵੇਲੀ ਸ਼ਾਮ ਮੌਕੇ ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਨੂੰ ਬਹਾਦਰੀ ਲਈ ਮੈਡਲ (ਜੀਐਮ), ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐਮਡੀਐਸ) ਅਤੇ ਸ਼ਾਨਦਾਰ ਸੇਵਾ ਲਈ ਮੈਡਲ (ਐਮਐਮਐਸ) ਨਾਲ ਸਨਮਾਨਿਤ ਕੀਤਾ ਜਾਵੇਗਾ।
ਰਾਸ਼ਟਰਪਤੀ ਐਵਾਰਡ: ਦੱਸ ਦਈਏ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ 22 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਚੱਲਦਿਆਂ 15 ਅਗਸਤ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ 7 ਅਧਿਕਾਰੀਆਂ ਨੂੰ ਬਹਾਦਰੀ ਮੈਡਲ, 2 ਨੂੰ ਪ੍ਰੈਜ਼ੀਡੈਂਟ ਮੈਡਲ ਅਤੇ 13 ਨੂੰ ਪ੍ਰਸ਼ੰਸਾਯੋਗ ਸੇਵਾਵਾਂ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ, ਜਿਸ ਵਿੱਚ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਸੰਦੀਪ ਗੋਇਲ, ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਬਿਕਰਮਜੀਤ ਸਿੰਘ ਬਰਾੜ, ਡੀਐਸਪੀ ਰਾਜਨ ਪਰਮਿੰਦਰ ਸਿੰਘ, ਇੰਸਪੈਕਟਰ ਪੁਸ਼ਵਿੰਦਰ ਸਿੰਘ, ਐਸਆਈ ਜਸਪ੍ਰੀਤ ਸਿੰਘ, ਐਸਆਈ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਸੁਖਰਾਜ ਸਿੰਘ ਸ਼ਾਮਲ ਹਨ, ਨੂੰ ਬਹਾਦਰੀ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਆਈਪੀਐਸ ਅਧਿਕਾਰੀ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਅਤੇ ਪੀਪੀਐਸ ਅਧਿਕਾਰੀ ਏਆਈਜੀ ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਮਨਮੋਹਨ ਕੁਮਾਰ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।