ਲੁਧਿਆਣਾ/ਅੰਮ੍ਰਿਤਸਰ/ਗੜ੍ਹਸ਼ੰਕਰ/ਬਰਨਾਲਾ/ਫਿਰੋਜ਼ਪੁਰ/ਮਾਨਸਾ: ਪੰਜਾਬ ਭਰ ਦੇ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਅਪਰੇਸ਼ਨ ਕਾਸੋ ਦੇ ਤਹਿਤ ਸੀਨੀਅਰ ਅਫਸਰਾਂ ਵੱਲੋਂ ਪਬਲਿਕ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ, ਤਸਵੀਰਾਂ ਲੁਧਿਆਣਾ, ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੇ ਅੰਮ੍ਰਿਤਸਰ ਤੋਂ ਵੀ ਸਾਹਮਣੇ ਆਈਆਂ। ਇਹ ਸਪੈਸ਼ਲ ਮੁੰਹਿਮ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਉਲੀਕੀ ਗਈ ਜਿਸ ਦੇ ਚੱਲਦੇ ਤੜਕਸਾਰ ਤੋਂ ਹੀ ਪੰਜਾਬ ਪੁਲਿਸ ਵਲੋਂ ਲਿਸਟਾਂ ਦੇ ਹਿਸਾਬ ਨਾਲ ਚੈਕਿੰਗ ਕੀਤੀ ਗਈ।
ਬਸ ਸਟੈਂਡ ਸਣੇ ਹਰ ਸ਼ੱਕੀ ਦੀ ਚੈਕਿੰਗ
ਲੁਧਿਆਣਾ ਵਿੱਚ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਪਹੁੰਚੀ ਜਿਨ੍ਹਾਂ ਦੀ ਅਗਵਾਈ ਵਿੱਚ ਅੱਜ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਹੋਰ ਪੁਲਿਸ ਸੀਨੀਅਰ ਅਫਸਰਾਂ ਦੇ ਨਾਲ ਪੂਰੀ ਪੁਲਿਸ ਫੋਰਸ ਮੌਜੂਦ ਰਹੀ। ਇਸ ਦੌਰਾਨ ਬਸ ਸਟੈਂਡ ਤੇ ਹਰ ਇੱਕ ਸ਼ੱਕੀ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਬੈਗ ਆਦਿ ਵੀ ਫਰੋਲੇ ਗਏ। ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਫਿਰ ਬੱਸ ਸਟੈਂਡ ਦੀ ਪਾਰਕਿੰਗ ਵਿੱਚ ਖੜੇ ਵਾਹਨ ਪੁਲਿਸ ਵੱਲੋਂ ਚੈੱਕ ਕੀਤੇ ਗਏ ਅਤੇ ਉਨ੍ਹਾਂ ਦੀ ਜਾਂਚ ਪੜਤਾਲ ਕੀਤੀ ਗਈ।
ਤਾਂ ਇਸ ਲਈ ਚਲਾਇਆ ਗਿਆ ਕਾਸੋ ਅਪਰੇਸ਼ਨ
ਇਸ ਮੌਕੇ ਗੱਲਬਾਤ ਕਰਦੇ ਹੋਏ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਭਰ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੀਨੀਅਰ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਹਨ। ਉਹਨਾਂ ਕਿਹਾ ਕਿ ਪੁਲਿਸ ਫੋਰਸ ਲਿਮਿਟਿਡ ਹੈ ਅਤੇ ਪੰਚਾਇਤੀ ਚੋਣਾਂ ਵਿੱਚ ਵੀ ਉਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ। ਇਸ ਕਰਕੇ ਅਸੀਂ ਅੱਜ ਲੁਧਿਆਣਾ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਹੈ। ਉਹਨਾਂ ਕਿਹਾ ਕਿ ਮਾੜੇ ਅਨਸਰਾਂ ਦੇ ਖਿਲਾਫ ਇਹ ਮੁੰਹਿਮ ਹੈ, ਤਾਂ ਜੋ ਅਪਰਾਧੀਆਂ ਨੂੰ ਸਖਤ ਮੈਸੇਜ ਜਾ ਸਕੇ ਉਹਨਾਂ ਕਿਹਾ ਕਿ ਪਬਲਿਕ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਅੱਗੇ ਤਿਉਹਾਰ ਵੀ ਆਉਣੇ ਹਨ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵਚਨਬੱਧ ਹੈ। ਇਸੇ ਦੇ ਤਹਿਤ ਇਹ ਆਪਰੇਸ਼ਨ ਚਲਾਇਆ ਗਿਆ ਹੈ।
ਦੂਜੇ ਪਾਸੇ ਲੁਧਿਆਣਾ ਦੇ ਏਡੀਸੀਪੀ ਰਮਨਦੀਪ ਭੁੱਲਰ ਨੇ ਕਿਹਾ ਕਿ ਅੱਜ ਬੱਸ ਸਟੈਂਡ ਤੇ ਆਪਰੇਸ਼ਨ ਕਾਸੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿਉਂਕਿ ਇਹ ਮੁੱਖ ਸਥਾਨ ਹੈ, ਜਿੱਥੇ ਅਕਸਰ ਹੀ ਅਪਰਾਧੀਆਂ ਦੀ ਮੂਵਮੈਂਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਸ ਤੌਰ ਤੇ ਵਾਹਨਾਂ ਦੇ ਵੀ ਚੈਕਿੰਗ ਕਰ ਰਹੇ ਹਨ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਲਵਾਰਿਸ ਪਏ, ਵਾਹਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੀ ਜਾਂਚ ਪੜਤਾਲ ਕਰ ਰਹੇ ਹਨ।