ਬਠਿੰਡਾ: ਦੇਸ਼ ਵਿੱਚ ਹੁਣ ਤੱਕ ਗਊ ਤਸਕਰੀ ਦੇ ਸੈਂਕੜੇ ਹੀ ਮਾਮਲੇ ਸਾਹਮਣੇ ਆਏ ਹਨ ਪਰ ਅੱਜ ਜਿਹੜੇ ਮਾਮਲੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਊਠਾਂ ਦੀ ਤਸਕਰੀ ਦਾ ਮਾਮਲਾ ਹੈ। ਇਹ ਮਾਮਲਾ ਬਠਿੰਡਾ ਦਾ ਹੈ, ਜਿੱਥੇ ਗਊ ਰੱਖਿਆ ਦਲ ਨੇ ਰਾਜਸਥਾਨ ਤੋਂ ਊਠ ਦੀ ਤਸਕਰੀ ਕਰਕੇ ਲਿਆ ਰਹੇ ਕੈਂਟਰ ਨੂੰ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਵੱਲੋਂ ਸ਼ਿਵ ਸੈਨਾ ਅਤੇ ਗਊ ਰੱਖਿਆ ਦਲ ਦੇ ਵਰਕਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਗਊਆਂ ਤੋਂ ਬਾਅਦ ਊਠਾਂ ਦੀ ਤਸਕਰੀ (ETV BHARAT) ਊਠਾਂ ਦੀ ਤਸਕਰੀ
ਇਸ ਸਬੰਧੀ ਸ਼ਿਵ ਸੈਨਾ ਪ੍ਰਧਾਨ ਸ਼ਿਵ ਜੋਸ਼ੀ ਨੇ ਦੱਸਿਆ ਕਿ ਉਨਾਂ ਕੋਲ ਪਿਛਲੇ ਲੰਬੇ ਸਮੇਂ ਤੋਂ ਗਊ ਤਸਕਰੀ ਨੂੰ ਲੈ ਕੇ ਜਾਣਕਾਰੀ ਆ ਰਹੀ ਸੀ। ਇਸ ਦੇ ਚੱਲਦੇ ਗਊ ਭਗਤਾਂ ਵੱਲੋਂ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਅਜਿਹੇ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਸੀ, ਜੋ ਇਸ ਕਾਰੋਬਾਰ ਨਾਲ ਜੁੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸੰਗਰੀਆ ਤੋਂ ਇੱਕ ਕੈਂਟਰ ਦੇ ਆਉਣ ਦੀ ਸੂਚਨਾ ਮਿਲੀ ਸੀ, ਜਿਸ ਸਬੰਧੀ ਉਹਨਾਂ ਵੱਲੋਂ ਬਠਿੰਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।
ਪੁਲਿਸ ਵਲੋਂ ਕੈਂਟਰ ਸਮੇਤ ਇੱਕ ਕਾਬੂ
ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਵਰਧਮਾਨ ਚੌਂਕੀ ਅਧੀਨ ਨਾਕਾ ਲਗਾ ਕੇ ਇੱਕ ਕੈਂਟਰ ਵਿੱਚੋਂ 12 ਊਠ ਬਰਾਮਦ ਕੀਤੇ ਗਏ ਹਨ, ਜੋ ਰਾਜਸਥਾਨ ਤੋਂ ਉੱਤਰ ਪ੍ਰਦੇਸ਼ ਲੈ ਕੇ ਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਵੱਖ-ਵਖ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਵ ਜੋਸ਼ੀ ਅਤੇ ਸੰਦੀਪ ਵਰਮਾ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਤਸਕਰੀ ਕਰਕੇ ਲਿਜਾਏ ਜਾ ਰਹੇ ਊਠਾਂ ਨੂੰ ਨਸ਼ੀਲੀ ਵਸਤੂ ਤਾਂ ਨਹੀਂ ਦਿੱਤੀ ਗਈ। ਪੁਲਿਸ ਵੱਲੋਂ ਕੈਂਟਰ ਵਿੱਚੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ, ਜਦੋਂ ਕਿ ਦੋ ਵਿਅਕਤੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।