ਚੰਡੀਗੜ੍ਹ/ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਆਮ ਬਜਟ 2024-25 ਲਈ ਅੱਜ ਅਹਿਮ ਮੀਟਿੰਗ ਸੱਦੀ ਹੈ। ਇਸ ਸਬੰਧੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਬਜਟ 1200 ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਇਹ ਬਜਟ 1138 ਕਰੋੜ ਰੁਪਏ ਸੀ ਅਤੇ 2022-23 ਵਿੱਚ ਇਹ ਬਜਟ 988 ਕਰੋੜ ਰੁਪਏ ਸੀ। ਇਸ ਸਾਲ ਦੇ ਬਜਟ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਲਈ ਤੋਹਫ਼ਾ ਵੀ ਹੈ ਅਤੇ ਸਿੱਖ ਨੌਜਵਾਨਾਂ ਨੂੰ ਉੱਚ ਅਹੁਦਿਆਂ ’ਤੇ ਪਹੁੰਚਾਉਣ ਲਈ ਨਵੇਂ ਐਲਾਨ ਵੀ ਸ਼ਾਮਲ ਹਨ।
ਮੁਲਾਜ਼ਮਾਂ ਲਈ ਹੋ ਸਕਦੀ ਖੁਸ਼ਖਬਰੀ: ਇਹ ਬਜਟ ਮੀਟਿੰਗ ਦੁਪਹਿਰ 12 ਵਜੇ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੀ ਗਈ ਹੈ, ਜੋ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਹੋਵੇਗੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹਿਣਗੇ। ਇਸ ਸਾਲਾਨਾ ਬਜਟ ਵਿੱਚ ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 3 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਿੱਖ ਨੌਜਵਾਨਾਂ ਨੂੰ ਪੀਸੀਐਸ (ਜੁਡੀਸ਼ੀਅਲ) ਪ੍ਰੀਖਿਆ ਲਈ ਤਿਆਰ ਕਰਨ ਲਈ ਨਵੀਂ ਜੁਡੀਸ਼ੀਅਲ ਅਕੈਡਮੀ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ। ਜਿਸ ਦੀ ਸਥਾਪਨਾ ਬਹਾਦਰਗੜ੍ਹ ਪਟਿਆਲਾ ਵਿੱਚ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿੱਚ ਕੀਤੀ ਜਾਵੇਗੀ।
ਨਿਆਂਇਕ ਪ੍ਰੀਖਿਆਵਾਂ ਲਈ ਕੋਚਿੰਗ :ਇਸ ਦੇ ਨਾਲ ਹੀ ਯੋਗਤਾ ਦੇ ਆਧਾਰ 'ਤੇ ਨਿਆਂਇਕ ਪ੍ਰੀਖਿਆਵਾਂ ਲਈ ਕੋਚਿੰਗ ਦਿੱਤੀ ਜਾਵੇਗੀ। ਆਈਏਐਸ, ਆਈਪੀਐਸ, ਆਈਐਫਐਸ ਅਤੇ ਪੀਸੀਐਸ (ਜਨਰਲ) ਪ੍ਰੀਖਿਆਵਾਂ ਦੀ ਤਿਆਰੀ ਲਈ ਐਸਜੀਪੀਸੀ ਚੰਡੀਗੜ੍ਹ ਵਿੱਚ ਨਿਸ਼ਚੈ ਅਕੈਡਮੀ ਵੀ ਚਲਾ ਰਹੀ ਹੈ।
ਦਮਦਮਾ ਸਾਹਿਬ ਤੋਂ ਗੁਰਬਾਣੀ ਲਈ ਚੈਨਲ:ਬਜਟ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਇੱਕ ਯੂ-ਟਿਊਬ ਚੈਨਲ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। SGPC ਇਸ ਚੈਨਲ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਤਿਆਰ ਕਰੇਗੀ। ਜਿਸ ਤੋਂ ਬਾਅਦ ਦੇਸ਼-ਵਿਦੇਸ਼ ਦੇ ਲੋਕ ਹਰਿਮੰਦਰ ਸਾਹਿਬ ਦੇ ਨਾਲ-ਨਾਲ ਦਮਦਮਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦੇਖ ਸਕਣਗੇ।
ਬੱਚਿਆਂ ਨੂੰ ਸਕਾਲਰਸ਼ਿਪ ਦੀ ਸਹੂਲਤ: ਇਸ ਮੀਟਿੰਗ ਤੋਂ ਪਹਿਲਾਂ ਬੋਲਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਅੰਮ੍ਰਿਤਧਾਰੀ ਬੱਚਿਆਂ ਨੂੰ ਵਜੀਫੇ ਦਿੰਦੀ ਹੈ ਅਤੇ ਇਸ ਤੋਂ ਇਲਾਵਾ ਧਾਰਮਿਕ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਮਾਇਕ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਅਤੇ ਕਾਲਜਾਂ 'ਚ ਪੜ੍ਹ ਰਹੇ ਅੰਮ੍ਰਿਤਧਾਰੀ ਬੱਚਿਆਂ ਲਈ 1 ਕਰੋੜ 43 ਲੱਖ 94 ਹਜ਼ਾਰ ਰੁਪਏ ਵਜੀਫਾ ਸਹਾਇਤਾ ਉਨ੍ਹਾਂ ਦੇ ਪ੍ਰਿੰਸੀਪਲਾਂ ਨੂੰ ਦੇ ਦਿੱਤੀ ਹੈ, ਜੋ ਅੱਗੇ ਬੱਚਿਆਂ ਨੂੰ ਮਿਲੇਗੀ। ਇਸ ਤੋਂ ਇਲਾਵਾ 32 ਲੱਖ 25 ਹਜ਼ਾਰ 900 ਰੁਪਏ ਧਾਰਮਿਕ ਪ੍ਰੀਖਿਆ 'ਚ ਜੇਤੂ ਵਿਦਿਆਰਥੀਆਂ ਲਈ ਦਿੱਤੇ ਗਏ ਹਨ।
ਇਹ ਗੱਲਾਂ ਰਹਿਣਗੀਆਂ ਬਜਟ 'ਚ ਖਾਸ:ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਅਜਿਹੇ ਵਿਦਿਆਰਥੀ ਵੀ ਹੁੰਦੇ ਜੋ ਫੀਸਾਂ ਦੇਣ 'ਚ ਅਸਮਰਥ ਹੁੰਦੇ ਨੇ ਤੇ ਉਨ੍ਹਾਂ ਦੀ ਸਹਾਇਆ ਸ਼੍ਰੋਮਣੀ ਕਮੇਟੀ ਮੈਂਬਰ ਕਰਦੇ ਹਨ ਜਾਂ ਉਹ ਸਿੱਧੇ ਤੌਰ 'ਤੇ ਆ ਜਾਂਦੇ ਹਨ। ਜਿਸ ਦੇ ਚੱਲਦੇ ਉਥੇ ਵੀ ਲੱਖਾਂ ਕਰੋੜਾਂ ਦੀ ਮਦਦ ਬੱਚਿਆਂ ਦੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਵੱਧ-ਵੱਧ ਸਿੱਖਿਆ ਲੈਕੇ ਆਪਣੇ ਕਿੱਤੇ ਦੀ ਸੇਵਾ ਕਰਨ ਅਤੇ ਨਾਲ ਹੀ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਸਿੱਖੀ ਦੀ ਵੀ ਸੇਵਾ ਕਰਨ। ਪ੍ਰਧਾਨ ਧਾਮੀ ਨੇ ਦੱਸਿਆ ਕਿ ਇਸ ਸਾਲ ਬਜਟ 'ਚ ਧਰਮ ਪ੍ਰਚਾਰ ਅਤੇ ਪੀਸੀਐਸ ਤਿਆਰੀ ਲਈ ਅਕੈਡਮੀ ਸਥਾਪਤ ਕਰਨ 'ਤੇ ਫੋਕਸ ਰਹੇਗਾ, ਜਿਥੇ ਅੰਮ੍ਰਿਤਧਾਰੀ ਤੇ ਸਾਬਤ ਸੂਰਤ ਬੱਚਿਆਂ ਨੂੰ ਪੇਪਰ ਦੀ ਤਿਆਰੀ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਅਕਾਦਮਿਕ ਖੇਤਰ ਲਈ ਕੰਮ ਕਰ ਰਹੀ ਹੈ, ਉਥੇ ਹੀ ਖੇਡਾਂ ਲਈ ਵੀ ਹਮੇਸ਼ਾ ਯਤਨਸ਼ੀਲ ਰਹੀ ਹੈ।